ਆਰ.ਐੱਸ.ਡੀ. ਕਾਲਜ ਫਿਰੋਜਪੁਰ ਤੋਂ ਤਿੰਨ ਰੈਗੂਲਰ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢਣ ਵਾਲਾ ਧਰਨਾ ਪੰਜਵੇਂ ਦਿਨ ਦਾਖਲ
ਆਰ.ਐੱਸ.ਡੀ. ਕਾਲਜ ਫਿਰੋਜਪੁਰ ਤੋਂ ਤਿੰਨ ਰੈਗੂਲਰ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢਣ ਵਾਲਾ ਧਰਨਾ ਪੰਜਵੇਂ ਦਿਨ ਦਾਖਲ
ਹਰ ਰੋਜ਼ ਦੀ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਵੱਡੀ ਵਿੱਚ ਕਰ ਰਹੇ ਨੇ ਸ਼ਮੂਲੀਅਤ
ਫਿਰੋਜ਼ਪੁਰ,9.8.2023:ਫ਼ਿਰੋਜ਼ਪੁਰ ਦੇ 102 ਸਾਲ ਪੁਰਾਣੇ ਆਰ.ਐਸ.ਡੀ. ਕਾਲਜ ਦੇ ਤਿੰਨ ਅਧਿਆਪਕਾਂ ਪ੍ਰੋ.ਕੁਲਦੀਪ ਸਿੰਘ , ਡਾ.ਮਨਜੀਤ ਕੌਰ ਆਜ਼ਾਦ ਅਤੇ ਡਾ.ਲਕਸ਼ਮਿੰਦਰ ਨੂੰ ਕਾਲਜ ਮੈਨੇਜਮੈਂਟ ਵੱਲੋਂ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਫ਼ਾਰਗ ਕੀਤੇ ਜਾਣ ਦਾ ਮਾਮਲਾ ਦਿਨ ਬ ਦਿਨ ਫੈਲ ਰਿਹਾ ਹੈ। ਮੈਨੇਜਮੈਂਟ ਦੇ ਤਾਨਾਸ਼ਾਹ ਫੈਸਲੇ ਦੇ ਖਿਲਾਫ਼ ਤਿੰਨਾਂ ਅਧਿਆਪਕਾਂ ਵੱਲੋਂ ਦਿੱਤਾ ਜਾ ਰਿਹਾ ਦਿਨ ਰਾਤ ਦਾ ਧਰਨਾ ਅੱਜ ਚੌਥੇ ਦਿਨ ਵਿੱਚ ਪੁੱਜ ਗਿਆ ਹੈ। ਨਿੱਤ ਦਿਨ ਸਵੇਰੇ ਦਸ ਵਜੇ ਤੋਂ ਇਸ ਧਰਨੇ ਦਾ ਸਮਰਥਨ ਕਰਨ ਲਈ ਫ਼ਿਰੋਜ਼ਪੁਰ ਦੇ ਵੱਖ ਵੱਖ ਮਹਿਕਮਿਆਂ ਦੀਆਂ ਮੁਲਾਜ਼ਮ ਜਥੇਬੰਦੀਆਂ , ਕਿਸਾਨ ਜਥੇਬੰਦੀਆਂ , ਜਨਤਕ ਸੰਸਥਾਵਾਂ , ਲੇਖਕ ਜਥੇਬੰਦੀਆਂ ਅਤੇ ਸ਼ਹਿਰ ਦੇ ਮੋਅਤਬਰ ਲੋਕ ਇਸ ਧਰਨੇ ਵਾਲੀ ਥਾਂ ਤੇ ਪੁੱਜ ਰਹੇ ਹਨ। ਅੱਜ ਪੰਜਵੇਂ ਦਿਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ ਸੂਬਾ ਪ੍ਰੈੱਸ ਸਕੱਤਰ, ਪੀ.ਸੀ. ਕੁਮਾਰ, ਫਿਰੋਜ਼ਪੁਰ ਫਾਊਂਡੇਸ਼ਨ ਤੋਂ ਸ਼ਲਿੰਦਰ ਬਬਲਾ ਆਪਣੇ ਸਾਥੀਆਂ ਸਮੇਤ, ਨਿਰਮਲ ਸਿੰਘ ਰੱਜੀਵਾਲਾ, ਮੋਂਟੂ ਵੋਹਰਾ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਈ ਜਸਪਾਲ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਦਲਜੀਤ ਸਿੰਘ ਸਾਬਕਾ ਐੱਮ.ਸੀ, ਅਭਿਸ਼ੇਕ ਅਰੋੜਾ, ਅਧਿਆਪਕ ਆਗੂ ਸੁਖਵਿੰਦਰ ਸਿੰਘ ਭੁੱਲਰ, ਰਾਜਨ ਨਰੂਲਾ, ਸਰਬਜੀਤ ਸਿੰਘ ਭਾਵੜਾ, ਜਸਪ੍ਰੀਤ ਪੁਰੀ, ਕਪਿਲ ਕੁਮਾਰ, ਗੁਰਿੰਦਰ ਸਿੰਘ, ਗੁਰਮੀਤ ਸਿੰਘ ਵਾਟਰਵਰਕਸ, ਸੁਖਦੇਵ ਸਿੰਘ, ਜਸਵੰਤ ਸਿੰਘ, ਜੱਸਾ ਸਿੰਘ ਰਾਮਗੜ੍ਹੀਆ ਜਥੇਬੰਦੀ, ਜੱਸਾ ਸਿੰਘ ਆਹਲੂਵਾਲੀਆ ਜੱਥੇਬੰਦੀ ਨੇ ਵੱਡੀ ਗਿਣਤੀ ਵਿੱਚ ਆਪਣਾ ਸਮਰਥਨ ਹੜਤਾਲੀ ਅਧਿਆਪਕਾਂ ਨੂੰ ਦਿੱਤਾ, ਇਸ ਮੌਕੇ ਹਾਜ਼ਰੀਨ ਬੁਲਾਰਿਆਂ ਨੇ ਕਿਹਾ ਕਿ ਕਾਲਜ ਵਿੱਚ 1500 ਦੇ ਕਰੀਬ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਲਈ ਹੁਣ ਸਿਰਫ਼ ਦੋ ਪ੍ਰੋਫੈਸਰ ਬਚੇ ਹਨ। ਨਿਯਮਾਂ ਦੀ ਦੁਹਾਈ ਪਾਉਣ ਵਾਲੀ ਯੂਨੀਵਰਸਿਟੀ, ਸਰਕਾਰ ਤੇ ਨਿਆਂ ਪ੍ਰਬੰਧ ਹੁਣ ਜਵਾਬ ਦੇਵੇਗਾ ਕਿ ਵਿਦਿਆਰਥੀਆਂ ਤੋਂ ਠੋਕ ਵਜਾ ਕੇ ਪੂਰੀ ਫ਼ੀਸ ਲੈਣ ਤੋਂ ਬਾਅਦ ਵੀ ਵਿਦਿਆਰਥੀ-ਅਧਿਆਪਕ ਅਨੁਪਾਤ ਤਹਿਤ ਕੌਣ ਪੜ੍ਹਾਵੇਗਾ? ਅਹਿਮ ਗੱਲ ਇਹ ਹੈ ਕਿ ਇਨ੍ਹਾਂ ਪ੍ਰੋਫੈਸਰਾਂ ਦੀ ਨਿਯੁਕਤੀ ਕਿਸੇ ਕੋਰਸ (ਐਮ.ਏ.) ‘ਤੇ ਆਧਾਰਿਤ ਨਹੀਂ ਸੀ ਸਗੋਂ ਵਿਸ਼ੇ ‘ਤੇ ਆਧਾਰਿਤ ਸੀ ਭਾਵ ਜਿਨ੍ਹਾਂ ਚਿਰ ਕਾਲਜ ‘ਚ ਪੰਜਾਬੀ ਤੇ ਹਿਸਟਰੀ ਪੜ੍ਹਾਈ ਜਾਵੇਗੀ ਇਨ੍ਹਾਂ ਨੂੰ ਕਿਸੇ ਵੀ ਹਾਲਤ ‘ਚ ਕੱਢਿਆ ਨਹੀਂ ਜਾ ਸਕਦਾ। ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਸਮੇਂ ਨਿਯਮਾਂ ਨੂੰ ਵੀ ਛਿੱਕੇ ਟੰਗਿਆ ਗਿਆ ਹੈ। ਉਹਨਾਂ ਕਿਹਾ ਕਿ ਮਨਜੀਤ ਕੌਰ ਆਜ਼ਾਦ ਨੇ ਸਦਮਾ ਨਾ ਸਹਾਰਦੇ ਹੋਏ ਖੁਦਕੁਸ਼ੀ ਦੀ ਵੀ ਕੋਸ਼ਿਸ਼ ਕੀਤੀ ਹੈ। ਲੋਕਾਂ ਦੇ ਟੈਕਸ ‘ਚੋਂ ਸਿੱਖਿਆ ਬਾਰੇ ਇਸ਼ਤਿਹਾਰਾਂ ‘ਤੇ ਕਰੋੜਾਂ ਰੁਪਏ ਫੂਕਣ ਵਾਲੀ ਆਪ ਸਰਕਾਰ ‘ਚ ਹੁਣ ਕਾਲਜਾਂ ਦੇ ਰੈਗੂਲਰ ਪ੍ਰੋਫੈਸਰ ਵੀ ਖੁਦਕੁਸ਼ੀ ਕਰਨ ਲਈ ਮਜ਼ਬੂਰ ਹਨ, ਆਰ.ਐਸ.ਡੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇ ਫ਼ਾਰਗ ਕੀਤੇ ਅਧਿਆਪਕਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ