ਆਰ. ਐੱਸ. ਡੀ. ਕਾਲਜ ਦੀ ਮੈਨੇਜਮੈਂਟ ਵੱਲੋਂ ਕੱਢੇ ਗਏ ਤਿੰਨ ਸੀਨੀਅਰ ਅਧਿਆਪਕਾਂ ਦੇ ਪੱਖ ਵਿਚ ਦਿਨ-ਰਾਤ ਦਾ ਧਰਨਾ ਨੌਵੇਂ ਦਿਨ ਪੂਜਾ
ਆਰ. ਐੱਸ. ਡੀ. ਕਾਲਜ ਦੀ ਮੈਨੇਜਮੈਂਟ ਵੱਲੋਂ ਕੱਢੇ ਗਏ ਤਿੰਨ ਸੀਨੀਅਰ ਅਧਿਆਪਕਾਂ
ਦੇ ਪੱਖ ਵਿਚ ਦਿਨ-ਰਾਤ ਦਾ ਧਰਨਾ ਨੌਵੇਂ ਦਿਨ ਪੂਜਾ
ਫ਼ਿਰੋਜ਼ਪੁਰ, 13.8.2023: ਸਥਾਨਕ ਆਰ. ਐੱਸ. ਡੀ. ਕਾਲਜ ਦੀ ਮੈਨੇਜਮੈਂਟ ਵੱਲੋਂ ਗੈਰ -ਕਾਨੂੰਨੀ ਢੰਗ ਨਾਲ ਕੱਢੇ ਗਏ ਤਿੰਨ ਸੀਨੀਅਰ ਅਧਿਆਪਕਾਂ (ਪ੍ਰੋਫੈ਼ਸਰ ਕੁਲਦੀਪ ਸਿੰਘ, ਪ੍ਰੋਫੈ਼ਸਰ ਲਕਸ਼ਮਿੰਦਰ ਭੋਰੀਵਾਲ ,ਡਾ. ਮਨਜੀਤ ਕੌਰ) ਦੇ ਸਮਰਥਨ ਵਿੱਚ ਅਤੇ ਮੈਨੇਜਮੈਂਟ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਇਲਾਕਾ ਨਿਵਾਸੀਆਂ, ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ ਗੱਲ ਕੀ ਸਮਾਜ ਦੇ ਹਰ ਵਰਗ ਵਲੋਂ ਨਿਰੰਤਰ ਨੌਵੇਂ ਦਿਨ ਦੇ ਦਿਨ-ਰਾਤ ਦੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਸੇ ਨਿਰੰਤਰਤਾ ਵਿੱਚ ਅੱਜ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਧੀਰਜ ਫਾਜ਼ਿਲਕਾ ਅਤੇ ਸੁਖਪ੍ਰੀਤ ਕੌਰ ਮੁਕਤਸਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਇੱਕ ਜੱਥਾ ਇਸ ਧਰਨੇ ਵਿੱਚ ਪਹੁੰਚਿਆ ਤੇ ਉਹਨਾਂ ਨੇ ਹਰ ਪੱਖੋਂ ਸਮਰਥਨ ਦੇਣ ਦੇ ਵਾਅਦੇ ਨਾਲ ਕਿਹਾ ਕਿ ਜਦੋਂ ਤੱਕ ਇਹਨਾਂ ਅਧਿਆਪਕਾਂ ਦੀ ਬਹਾਲੀ ਨਹੀਂ ਹੁੰਦੀ। ਉਦੋਂ ਤੱਕ ਸਾਡੀ ਵਿਦਿਆਰਥੀ ਜਥੇਬੰਦੀ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਹਰ ਸਮੇਂ ਹਾਜ਼ਰ ਹੈ । ਧੀਰਜ ਅਤੇ ਸੁਖਪ੍ਰੀਤ ਨੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਸਮਾਜ ਵਿੱਚ ਹੁੰਦੇ ਹਰ ਤਰਾਂ ਦੇ ਧੱਕੇ ਨੂੰ ਰੋਕਣ ਲਈ ਵਚਨਬੱਧ ਹੈ l ਵਿਦਿਆਰਥੀ ਸਮੂਹ ਹਰ ਤਰਾਂ ਦੀ ਅਗਵਾਈ ਲਈ ਕਾਬਲ ਹੈ। ਇਸ ਮੌਕੇ ‘ਤੇ ਪ੍ਰੋਫੈ਼ਸਰ ਗੁਰਤੇਜ ਸਿੰਘ ਕੋਹਾਰਵਾਲਾ ਨੇ ਕਿਹਾ ਕਿ ਜੇਕਰ ਸਾਡਾ ਵਿਦਿਆਰਥੀ ਵਰਗ ਇਸ ਤਰ੍ਹਾਂ ਨਾਲ ਜਾਗਰੂਕ ਹੈ ਤਾਂ ਹਰ ਧੱਕੇਸ਼ਾਹੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਜਿੱਥੇ ਸਮੂਹ ਜਥੇਬੰਦੀਆਂ ਇਸ ਧਰਨੇ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ, ਉੱਥੇ ਲੰਗਰ ਦੀ ਸੇਵਾ ਫਿਰੋਜ਼ਪੁਰ ਫਾਊਂਡੇਸ਼ਨ ਦੀ ਸਮੁੱਚੀ ਟੀਮ ਵੱਲੋਂ ਰੋਜ਼ਾਨਾ ਨਿਭਾਈ ਜਾ ਰਹੀ ਹੈ।ਉਹਨਾਂ ਦੇ ਇਸ ਉਪਰਾਲੇ ਦਾ ਅਧਿਆਪਕ ਜੱਥੇਬੰਦੀ ਏ ਜੂ ਸੀ ਟੀ ਨੇ ਧੰਨਵਾਦ ਕੀਤਾ।