ਆਬਕਾਰੀ ਵਿਭਾਗ ਤੇ ਪੁਲਿਸ ਵਿਭਾਗ ਫਿਰੋਜ਼ਪੁਰ ਦੀਆਂ ਟੀਮਾਂ ਨੇ ਅਲੀਕੇ ਵਿੱਚ ਛਾਪਾ ਮਾਰ ਕੇ 46 ਹਜ਼ਾਰ ਲੀਟਰ ਲਾਹਨ ਕੀਤੀ ਨਸ਼ਟ
ਆਬਕਾਰੀ ਵਿਭਾਗ ਤੇ ਪੁਲਿਸ ਵਿਭਾਗ ਫਿਰੋਜ਼ਪੁਰ ਦੀਆਂ ਟੀਮਾਂ ਨੇ ਸਤਲੁਜ ਦਰਿਆ ਦੇ ਨਜਦੀਕ ਪਿੰਡ ਅਲੀਕੇ ਵਿੱਚ ਛਾਪਾ ਮਾਰ ਕੇ ਕੀਤੀ ਵੱਡੀ ਕਾਰਵਾਈ, ਮੌਕੇ ਤੇ ਲਗਭਗ 46 ਹਜ਼ਾਰ ਲੀਟਰ ਲਾਹਨ ਕੀਤੀ ਨਸ਼ਟ
ਫਿਰੋਜ਼ਪੁਰ 9 ਅਕਤੂਬਰ 2020: ਆਬਕਾਰੀ ਵਿਭਾਗ ਤੇ ਪੁਲਿਸ ਵਿਭਾਗ ਫਿਰੋਜ਼ਪੁਰ ਦੀਆਂ ਟੀਮਾਂ ਨੇ ਨਸ਼ੇ ਦੇ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਦੌਰਾਨ 25 ਤਰਪਾਲਾਂ ਅਤੇ ਲਗਭਗ 46 ਹਜ਼ਾਰ ਲੀਟਰ ਲਾਹਨ ਜਬਤ ਕਰਕੇ ਨਸ਼ਟ ਕੀਤੀ।
ਡਿਪਟੀ ਕਮਿਸ਼ਨਰ ਆਬਕਾਰੀ ਜੇ.ਐਸ ਬਰਾੜ ਨੇ ਦੱਸਿਆ ਕਿ ਆਬਕਾਰੀ ਵਿਭਾਗ ਫਿਰੋਜ਼ਪੁਰ ਤੇ ਪੁਲਿਸ ਵਿਭਾਗ ਫਿਰੋਜ਼ਪੁਰ ਦੀਆਂ ਟੀਮਾਂ ਵੱਲੋਂ ਸਤਲੁਜ ਦਰਿਆ ਦੇ ਨਜ਼ਦੀਕ ਪਿੰਡ ਅਲੀਕੇ ਵਿੱਚ ਸਾਂਝੇ ਤੌਰ ਤੇ ਤਲਾਸੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਲਗਭਗ 46 ਹਜ਼ਾਰ ਲੀਟਰ ਲਾਹਨ, 4 ਲੋਹੇ ਦੇ ਡਰੰਮ ਅਤੇ 25 ਤਰਪਾਲਾਂ ਜਬਤ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਐਕਸਾਈਜ ਇੰਸਪੈਕਟਰ ਐੱਚ.ਐੱਸ. ਭੱਟੀ ਦੀ ਅਗਵਾਈ ਹੇਠ ਚਲਾਈ ਗਈ ।
ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਸ਼ਰਾਬ ਦਾ ਕੰਮ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਮਲਾ ਪੁਲਿਸ ਸਟੇਸਨ ਸਦਰ, ਫਿਰੋਜ਼ਪੁਰ ਵਿੱਚ ਦਰਜ ਕੀਤਾ ਗਿਆ ਹੈ।