ਅਨਾਜ ਮੰਡੀਆਂ ਵਿੱਚ ਕਣਕ ਦੀ ਹੋ ਰਹੀ ਹੈ ਨਿਰੰਤਰ ਤੇ ਨਿਰਵਿਘਨ ਖਰੀਦ – ਧੀਮਾਨ, ਡਿਪਟੀ ਕਮਿਸ਼ਨਰ, ਫਿਰੋਜ਼ਪੁਰ
ਜ਼ਿਲ੍ਹੇ ਵਿੱਚ ਬੀਤੀ ਸ਼ਾਮ ਤੱਕ ਹੋਈ 31, 440 ਮੀਟ੍ਰਿਕ ਟਨ ਕਣਕ ਦੀ ਖ਼ਰੀਦ
ਅਨਾਜ ਮੰਡੀਆਂ ਵਿੱਚ ਕਣਕ ਦੀ ਹੋ ਰਹੀ ਹੈ ਨਿਰੰਤਰ ਤੇ ਨਿਰਵਿਘਨ ਖਰੀਦ – ਧੀਮਾਨ
-ਕਿਹਾ, ਪ੍ਰਸ਼ਾਸਨ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਕਰਾਉਣ ਲਈ ਵਚਨਬੱਧ, ਕਿਸਾਨਾਂ, ਲੇਬਰ, ਆੜ੍ਹਤੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪਰੇਸ਼ਾਨੀ
ਜ਼ਿਲ੍ਹੇ ਵਿੱਚ ਬੀਤੀ ਸ਼ਾਮ ਤੱਕ ਹੋਈ 31, 440 ਮੀਟ੍ਰਿਕ ਟਨ ਕਣਕ ਦੀ ਖ਼ਰੀਦ
ਫਿਰੋਜ਼ਪੁਰ, 19 ਅਪ੍ਰੈਲ 2024:
ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਨਿਰੰਤਰ ਖਰੀਦ ਨਿਰੰਤਰ ਜਾਰੀ ਹੈ। ਖਰੀਦ ਏਜੰਸੀਆਂ ਨੂੰ ਪਰੇਸ਼ਾਨੀ ਰਹਿਤ ਖਰੀਦ, ਸਮੇਂ ਸਿਰ ਅਦਾਇਗੀ ਕਰਨ ਅਤੇ ਕਿਸਾਨਾਂ ਦੁਆਰਾ ਮਾਰਕੀਟ ਵਿਚ ਲਿਆਂਦੇ ਗਏ ਇਕ-ਇਕ ਦਾਣੇ ਦੀ ਖ਼ਰੀਦ ਦੇ ਨਾਲ ਹੀ ਤੁਰੰਤ ਲਿਫਟਿੰਗ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਅਚਾਨਕ ਹੋਣ ਵਾਲੀਆਂ ਬਰਸਾਤਾਂ ਤੋਂ ਖਰੀਦੀ ਗਈ ਕਣਕ ਨੂੰ ਖ਼ਰਾਬ ਹੋਣੋਂ ਬਚਾਇਆ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਮੰਡੀਆਂ ਵਿੱਚ ਨਿਰਵਿਘਨ ਖਰੀਦ ਕਰਵਾਉਣ ਲਈ ਵਚਨਬੱਧ ਹੈ ਅਤੇ ਪ੍ਰਸ਼ਾਸਨ ਵੱਲੋਂ ਖਰੀਦ ਸਬੰਧੀ ਅਨਾਜ ਮੰਡੀਆਂ ਵਿੱਚ ਉਚਿਤ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫ਼ਸਲ ਦੀ ਨਿਰਵਿਘਨ ਖਰੀਦ ਅਤੇ ਸਮੇਂ ਸਿਰ ਲਿਫਟਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਕਿਸੇ ਵੀ ਕਿਸਾਨ ਨੂੰ ਮੰਡੀ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ।
ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਤੱਕ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ ਕੁੱਲ 33939 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਜਿਸ ਵਿੱਚੋਂ 31440 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗ੍ਰੇਨ ਵੱਲੋਂ 5185 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 7658 ਮੀਟ੍ਰਿਕ ਟਨ, ਪਨਸਪ ਵੱਲੋਂ 10159 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ 7268 ਮੀਟ੍ਰਿਕ ਟਨ ਅਤੇ ਵਪਾਰੀਆਂ 1170 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਰੀਦੀ ਗਈ ਕਣਕ ਦੀ 100 ਫੀਸਦੀ ਕਿਸਾਨਾਂ ਨੂੰ ਆਨਲਾਈਨ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਦੀ ਫਸਲ ਦੀ ਕਟਾਈ ਉਪਰੰਤ ਅਤੇ ਤੂੜੀ ਬਣਾਉਣ ਤੋਂ ਬਾਅਦ ਰਹਿੰਦ-ਖੂੰਹਦ/ਨਾੜ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਹੀ ਮਿਲਾਉਣ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਰਾਜ ਰਿਸ਼ੀ ਮਹਿਰਾ ਨੇ ਕਿਸਾਨਾਂ ਨੂੰ ਅਨਾਜ ਮੰਡੀ ਵਿੱਚ ਸੁੱਕੀ ਹੋਈ ਫਸਲ ਨੂੰ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਖਰੀਦ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਛਾਂ, ਪੀਣ ਵਾਲੇ ਪਾਣੀ, ਬਿਜਲੀ, ਰੋਸ਼ਨੀ ਆਦਿ ਦਾ ਪੂਰਾ ਪ੍ਰਬੰਧ ਹੈ ਤਾਂ ਕਿ ਕਣਕ ਦੀ ਖਰੀਦ ਦੇ ਕੰਮ ਨਾਲ ਜੁੜੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।