Ferozepur News

ਅਧਿਆਪਕ ਅਤੇ ਸਿੱਖਿਆ ਵਿਰੋਧੀ ਫੈਸਲਿਆਂ ਖਿਲਾਫ ਰੋਸ ਡੀ.ਟੀ.ਐੱਫ ਪੰਜਾਬ ਵੱਲੋਂ ਪ੍ਰਦਰਸ਼ਨ ਦਾ ਐਲਾਨ

ਪ੍ਰਮੋਸ਼ਨ ਉਪਰੰਤ ਸਟੇਸ਼ਨ ਚੋਣ ਮੌਕੇ ਸਾਰੇ ਖਾਲੀ ਸਟੇਸ਼ਨ ਦਿਖਾਏ ਜਾਣ : ਡੀ ਟੀ ਐੱਫ 

ਅਧਿਆਪਕ ਅਤੇ ਸਿੱਖਿਆ ਵਿਰੋਧੀ ਫੈਸਲਿਆਂ ਖਿਲਾਫ ਰੋਸ ਡੀ.ਟੀ.ਐੱਫ ਪੰਜਾਬ ਵੱਲੋਂ ਪ੍ਰਦਰਸ਼ਨ ਦਾ ਐਲਾਨ
ਅਧਿਆਪਕ ਅਤੇ ਸਿੱਖਿਆ ਵਿਰੋਧੀ ਫੈਸਲਿਆਂ ਖਿਲਾਫ ਰੋਸ ਡੀ.ਟੀ.ਐੱਫ ਪੰਜਾਬ ਵੱਲੋਂ ਪ੍ਰਦਰਸ਼ਨ ਦਾ ਐਲਾਨ
ਪ੍ਰਮੋਸ਼ਨ ਉਪਰੰਤ ਸਟੇਸ਼ਨ ਚੋਣ ਮੌਕੇ ਸਾਰੇ ਖਾਲੀ ਸਟੇਸ਼ਨ ਦਿਖਾਏ ਜਾਣ : ਡੀ ਟੀ ਐੱਫ
ਫ਼ਿਰੋਜ਼ਪੁਰ 8 ਦਸੰਬਰ, 2024: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਵੱਲੋਂ  ਪੀਟੀਆਈ ਅਧਿਆਪਕ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ ਰਿਵਾਈਜ਼ ਕਰਨ ਸਬੰਧੀ ਜਾਰੀ ਕੀਤੇ ਮਾਰੂ ਪੱਤਰ ਨੂੰ ਰੱਦ ਕਰਾਉਣ ਲਈ ਅਤੇ ਪ੍ਰੋਮੋਸ਼ਨ ਉਪਰੰਤ ਸਟੇਸ਼ਨ ਚੋਣ ਵੇਲੇ ਸੀਮਤ ਗਿਣਤੀ ਵਿੱਚ ਸਟੇਸ਼ਨ ਦਿਖਾਉਣ ਖਿਲਾਫ ਵਿੱਤ ਮੰਤਰੀ ਨੂੰ ਮੰਗ ਪੱਤਰ ਭੇਜਣ ਅਤੇ ਸੁਨਾਮ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪੀਟੀਆਈ ਅਧਿਆਪਕ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ ਰਿਵਾਈਜ਼ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਇੰਨ੍ਹਾਂ ਅਧਿਆਪਕਾਂ ਨੂੰ ਸੀ ਐਂਡ ਵੀ ਕਾਡਰ ਵਿੱਚ ਨਾ ਮੰਨਦੇ ਹੋਏ 4400 ਰੁਪਏ ਗ੍ਰੇਡ ਪੇ ਦੀ ਥਾਂ 3200 ਰੁਪਏ ਗ੍ਰੇਡ ਪੇ ਦਿੰਦੇ ਹੋਏ ਰਿਕਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸੇ ਤਰ੍ਹਾਂ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਕਾਡਰਾਂ ਦੀਆਂ ਪ੍ਰਾਇਮਰੀ ਤੋਂ ਮਾਸਟਰ ਕਾਡਰ, ਮਾਸਟਰ ਤੋਂ ਲੈਕਚਰਾਰ, ਪੀਟੀਆਈ ਤੋਂ ਡੀਪੀਈ ਸਮੇਤ ਬਾਕੀ ਕੀਤੀਆਂ ਜਾ ਰਹੀਆਂ ਤਰੱਕੀਆਂ ਮੌਕੇ ਸਾਰੇ ਸਕੂਲਾਂ ਦੀਆਂ ਖਾਲੀ ਪੋਸਟਾਂ ਨਾ ਦਿਖਾਉਣ ਦੇ ਕਾਰਨ ਸੈਂਕੜੇ ਅਧਿਆਪਕਾਂ ਨੂੰ ਪ੍ਰਮੋਸ਼ਨ ਲੈਣ ਤੋਂ ਵਾਂਝੇ ਰੱਖਣ ਦਾ ਅਧਿਆਪਕ ਵਿਰੋਧੀ ਫ਼ੈਸਲਾ ਲਿਆ ਗਿਆ ਹੈ।  ਇਸਤੋਂ ਇਲਾਵਾ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਤਹਿਤ ਹਜ਼ਾਰਾਂ ਸਕੂਲਾਂ ਵਿੱਚ ਖਾਲੀ ਪੋਸਟਾਂ ਨਾ ਭਰ ਕੇ ਕੁਝ ਕੁ ਵਿਕਸਤ ਸਕੂਲਾਂ ਦੇ ਟਾਪੂ ਖੜ੍ਹੇ ਕਰਕੇ ਛੋਟੇ ਸਕੂਲਾਂ ਦਾ ਖਾਤਮਾ ਕਰਕੇ ਪੱਛੜੇ ਖੇਤਰਾਂ ਦੇ ਵਿਦਿਆਰਥੀਆਂ ਤੋਂ ਸਿੱਖਿਆ ਦਾ ਹੱਕ ਖੋਹਿਆ ਜਾ ਰਿਹਾ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਮਲਕੀਤ ਸਿੰਘ ਹਰਾਜ, ਸਰਬਜੀਤ ਸਿੰਘ ਭਾਵੜਾ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਲਿਆ ਹੈ ਕਿ ਜੱਥੇਬੰਦੀ ਵੱਲੋਂ ਇਸ ਸਭ ਦੇ ਖਿਲਾਫ 9 ਦਸੰਬਰ ਅਤੇ 10 ਦਸੰਬਰ ਨੂੰ ਜਿਲ੍ਹਾ ਅਤੇ ਤਹਿਸੀਲ ਪੱਧਰਾਂ ‘ਤੇ ਪ੍ਰਸ਼ਾਸਨ ਰਾਹੀਂ ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਨੂੰ ‘ਮੰਗ ਪੱਤਰ’ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਮੰਗ ਪੱਤਰ ਜਿਲ੍ਹਾ ਪੱਧਰ ‘ਤੇ ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਅਤੇ ਤਹਿਸੀਲਾਂ ਵਿੱਚ ਐੱਸਡੀਐੱਮਜ਼ ਰਾਹੀਂ ਭੇਜਿਆ ਜਾਵੇਗਾ। ਪੰਜਾਬ ਸਰਕਾਰ ਦੀਆਂ ਅਧਿਆਪਕ ਅਤੇ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ 15 ਦਸੰਬਰ (ਦਿਨ ਐਤਵਾਰ) ਨੂੰ  ਸੁਨਾਮ (ਜਿਲ੍ਹਾ ਸੰਗਰੂਰ) ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਿਨੇਟ ਸਬ ਕਮੇਟੀ ਦੇ ਮੈਂਬਰ ਸ੍ਰੀ ਅਮਨ ਅਰੋੜਾ ਦੇ ਰਿਹਾਇਸ਼ ਵੱਲ ਨੂੰ ਸੂਬਾ ਪੱਧਰੀ ਰੋਸ ਮਾਰਚ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button