ਅਧਿਆਪਕਾਂ ਦੀ ਸੇਵਾ ਨਵਿਰਤੀ ਤੇ ਪਾਰਟੀ ਨਾ ਕਰਨ ਦੇ ਨਾਦਰਸ਼ਾਹੀ ਫਰਮਾਨ ਦੀ ਵਿਰੋਧਤਾ ਕੀਤੀ ਜਾਵੇਗੀ… ਜੀ ਟੀ ਯੂ।
Ferozepur, July 21, 2017 : ਜਿਸ ਅਧਿਆਪਕ ਨੇ ਆਪਣੀ ਪੁਰੀ ਜਿੰਦਗੀ ਵਿਦਿਆਰਥੀਆਂ ਨੂੰ ਗਿਆਨ ਦਿੰਦੇ ਹੋਏ ਗੁਜਾਰ ਦਿੱਤੀ, ਉਸ ਨੂੰ ਸੇਵਾ ਮੁਕਤੀ ਤੇ ਜੇਕਰ ਉਸਦੇ ਅਧਿਆਪਕ ਸਾਥੀਓ ਵਲੋਂ ਪਾਰਟੀ ਦਿੱਤੀ ਜਾਂਦੀ ਹੈ ਤਾਂ ਇਸ ਵਿੱਚ ਗਲਤ ਕੀ ਹੈ?
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਆਪਣੇ ਹੀ ਵਿਭਾਗ ਵਿੱਚ ਕੰਮ ਕਰਦੇ ਅਧਿਆਪਕ ਦੀ ਸੇਵਾ ਨਵਿਰਤੀ ਤੇ ਪਾਰਟੀ ਨਾ ਕਰਨ ਦਾ ਨਾਦਰਸ਼ਾਹੀ ਫਰਮਾਨ ਦਿੰਦੇ ਹਨ ਪਰ ਆਪਣੇ ਤੋਂ ਉੱਚੇ ਅਧਿਕਾਰੀਆਂ ਦੀ ਸੇਵਾ ਨਵਿਰਤੀ ਤੇ ਮਹਿੰਗੀਆਂ ਪਾਰਟੀਆਂ ਕਰਦੇ ਹਨ, ਉਹ ਵੀ ਦਫਤਰ ਸਮੇਂ ਦੌਰਾਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਅਜਿਹਾ ਕਰਨ ਤੇ ਅਧਿਆਪਕਾਂ ਨੂੰ ਪੈਸੇ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਦੀ ਵਿਭਾਗ ਨੂੰ ਬਹੁਤ ਚਿੰਤਾ ਹੈ, ਪਰ ਇਹੀ ਵਿਭਾਗ ਤੇ ਇਸ ਦੇ ਅਧਿਕਾਰੀ ਪਤਾ ਨਹੀਂ ਕਿਥੇ ਹੁੰਦੇ ਹਨ ਜਿਥੋਂ ਇਹਨਾਂ ਨੂੰ ਸਕੂਲਾਂ ਵਿੱਚ ਬਿਨਾਂ ਪੈਸੇ ਮਿਲੀਆਂ ਆਪਣੀ ਜੇਬ ਵਿਚੋਂ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਬਣਾਉਂਦਾ ਅਧਿਆਪਕ ਨਜ਼ਰ ਨਹੀਂ ਆਉਂਦਾ। ਪਾ੍ਇਮਰੀ ਵਿਭਾਗ ਦੀਆਂ ਖੇਡਾਂ ਵੀ ਇਹਨਾਂ ਅਧਿਆਪਕਾਂ ਦੀ ਜੇਬਾਂ ਵਿੱਚੋਂ ਹੀ ਹੁੰਦੀਆਂ ਹਨ। ਉਸ ਸਮੇਂ ਸਿੱਖਿਆ ਵਿਭਾਗ ਦੇ ਅਧਿਕਾਰੀ ਪੱਤਾ ਨਹੀਂ ਕਿਹੜੀ ਕੰਪਨੀ ਦੀ ਐਨਕਾਂ ਪਾ ਲੈਂਦੇ ਹਨ ਜਿਸ ਵਿੱਚੋਂ ਇਹ ਸਭ ਨਜ਼ਰ ਨਹੀਂ ਆਉਂਦਾ।
ਮੀਤ ਪ੍ਰਧਾਨ ਗੌਰਵ ਮੁੰਜਾਲ, ਸੰਦੀਪ ਟੰਡਨ, ਬਲਵਿੰਦਰ ਸਿੰਘ ਚੱਬਾ, ਸੰਜੀਵ ਟੰਡਨ ਨੇ ਕਿਹਾ ਕਿ ਯੁਨੀਅਨ ਇਸ ਪੱਤਰ ਦਾ ਵਿਰੋਧ ਕਰਦੀ ਹੈ ਤੇ ਸਰਕਾਰ ਨੂੰ ਚੇਤਾਵਨੀ ਦੇਂਦੀ ਹੈ ਕਿ ਇਹ ਪੱਤਰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਨਵਦੀਪ ਮਾਣਾ ਸਿੰਘ ਵਾਲਾ, ਅਮਿਤ ਸ਼ਰਮਾ, ਸੰਜੀਵ ਹਾਂਡਾ, ਬਲਵਿੰਦਰ ਬਹਿਲ, ਸਹਿਨਾਜ, ਭੁਪਿੰਦਰ ਸਿੰਘ ਜੀਰਾ, ਤਰਲੋਕ ਭੱਟੀ ਆਦਿ ਹਾਜ਼ਰ ਸਨ।