ਅਣਪਛਾਤੇ ਚੋਰਾਂ ਵਲੋਂ ਘਰ ਦੇ ਬਾਹਰੋਂ ਮੋਟਰ ਸਾਈਕਲ ਚੋਰੀ
ਫਿਰੋਜ਼ਪੁਰ 4 ਮਾਰਚ (ਏ. ਸੀ. ਚਾਵਲਾ): ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਡੇਰਾ ਬਾਬਾ ਰਾਮ ਲਾਲ ਵਿਖੇ ਇਕ ਵਿਅਕਤੀ ਦੇ ਘਰ ਦੇ ਬਾਹਰੋਂ ਅਣਪਛਾਤੇ ਚੋਰਾਂ ਵਲੋਂ ਮੋਟਰਸਾਈਕਲ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਦਿਉੜਾ ਪੁੱਤਰ ਬਨਾਰਸੀ ਦਾਸ ਵਾਸੀ ਗੁਰਦੁਆਰਾ ਡੇਰਾ ਬਾਬਾ ਰਾਮ ਲਾਲ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸ ਨੇ 28 ਫਰਵਰੀ 2015 ਨੂੰ ਆਪਣਾ ਮੋਟਰਸਾਈਕਲ ਸਪਲੈਂਡਰ ਪਲੱਸ ਨੰਬਰ ਪੀ. ਬੀ. 05 ਟੀ. 7704 ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ। ਉਸ ਨੇ ਦੱਸਿਆ ਕਿ ਜਦ ਉਹ ਕਿਸੇ ਕੰਮ ਤੇ ਜਾਣ ਲਈ ਘਰ ਤੋਂ ਬਾਹਰ ਆਇਆ ਤਾਂ ਵੇਖਿਆ ਕਿ ਉਸ ਦਾ ਘਰ ਦੇ ਬਾਹਰ ਖੜਾ ਕੀਤਾ ਮੋਟਰਸਾਈਕਲ ਗਾਇਬ ਸੀ। ਪ੍ਰਦੀਪ ਦਿਉੜਾ ਨੇ ਦੱਸਿਆ ਕਿ ਉਸ ਨੇ ਆਪਣੇ ਮੋਟਰਸਾਈਕਲ ਦੀ ਆਸ ਪਾਸ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ। ਪ੍ਰਦੀਪ ਦਿਉੜਾ ਨੇ ਦੱਸਿਆ ਕਿ ਉਸ ਵਲੋਂ ਇਸ ਘਟਨਾ ਦੀ ਜਾਣਕਾਰੀ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੂੰ ਦੇ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਹੈੱਡਕਾਂਸਟੇਬਲ ਬਲਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਦੀਪ ਦਿਉੜਾ ਦੇ ਬਿਆਨਾਂ ਤੇ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ 379 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।