ਅਜੋਕੇ ਸਮੇਂ ਵਿੱਚ ਸਵੈ-ਰੋਜ਼ਗਾਰ ਨੂੰ ਅਪਣਾਉਣਾ ਹੀ ਹੈ ਵੱਧ ਰਹੀ ਬੇਰੁਜ਼ਗਾਰੀ ਦਾ ਹੱਲ-ਡਿਪਟੀ ਕਮਿਸ਼ਨਰ
ਡੇਅਰੀ ਵਿਭਾਗ ਵੱਲੋਂ ਬੇਰੁਜ਼ਗਾਰ ਪੇਂਡੂ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਘੱਟ ਵਿਆਜ 'ਤੇ ਕਰਜ਼ਾ
ਫਿਰੋਜ਼ਪੁਰ 20 ਅਗਸਤ 2020
ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਵੀ ਪੰਜਾਬ ਸਰਕਾਰ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਪੈਰਾ ਤੇ ਖੜ੍ਹੇ ਕਰਨ ਲਈ ਸਵੈ-ਰੋਜਗਾਰ ਦੇ ਲਗਾਤਾਰ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਡੀਆਰਆਈ/ਮੁਦਰਾ, ਪਸ਼ੂ ਪਾਲਣ/ਡੇਅਰੀ ਦੇ ਧੰਦੇ, ਮੱਛੀ ਪਾਲਣ ਸਬੰਧੀ ਪੋਗ ਡੈਮ, ਸ਼ਹਿਦ ਦੀਆਂ ਮੱਖੀਆਂ ਪਾਲਨ ਸਬੰਧੀ ਧੰਦੇ ਕਰਨ ਹਿੱਤ ਘੱਟ ਵਿਆਜ ਤੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਚੇਅਰਮੈਨ ਕਮ-ਡਿਪਟੀ ਕਮਿਸ਼ਨਰ ਜ਼ਿਲ੍ਹਾ ਬਿਊਰੋ ਕਾਰੋਬਾਰ ਫਿਰੋਜ਼ਪੁਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਸਵੈ-ਰੁਜ਼ਗਾਰ ਸਬੰਧੀ ਰੱਖੀ ਮੀਟਿੰਗ ਮੌਕੇ ਕੀਤਾ। ਇਸ ਉਪਰੰਤ ਉਨ੍ਹਾਂ ਸਬੰਧਿਤ ਵਿਭਾਗੀ ਅਧਿਕਾਰੀਆਂ ਤੋਂ ਮਹੀਨਾਵਾਈਜ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੀ ਰਿਪੋਰਟ, ਪੈਂਡਿੰਗ ਪਏ ਸਵੈ ਰੁਜ਼ਗਾਰ ਲੋਨ ਅਤੇ ਜ਼ਿਲ੍ਹੇ ਦੇ ਵੱਧ ਤੋਂ ਵੱਧ ਬੇਰੋਜ਼ਗਾਰ ਨੌਜਵਾਨਾਂ ਦੀ ਸਹੂਲਤ ਲਈ ਨਵੀਆਂ ਸੰਭਾਵਨਾਵਾਂ ਆਦਿ ਬਾਰੇ ਵੀ ਜਾਣਕਾਰੀ ਹਾਸਲ ਕੀਤੀ । ਇਸ ਮੌਕੇ ਲੀਡ ਬੈਂਕ ਮੈਨੇਜਰ ਆਰ.ਕੇ. ਗੁਪਤਾ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਅਸ਼ੋਕ ਜਿੰਦਲ, ਪਲੇਸਮੈਂਟ ਗੁਰਜੰਟ ਸਿੰਘ ਤੇ ਹੀਰਾ ਸਿੰਘ ਸਮੇਤ ਵੱਖ-ਵੱਖ ਬੈਂਕਾਂ ਦੇ ਜ਼ਿਲ੍ਹਾ ਕੁਆਰਡੀਨੇਟਰ ਅਫ਼ਸਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦਿਵਾਉਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਨ ਸੰਖਿਆ ਦੇ ਵਾਧੇ ਦੇ ਅਨੁਪਾਤ ਵਿੱਚ ਰੋਜ਼ਗਾਰ ਦੇ ਮੌਕੇ ਬਹੁਤ ਘੱਟ ਹਨ ਤੇ ਇਸ ਸਮੇਂ ਵੱਧ ਰਹੀ ਬੇਰੁਜ਼ਗਾਰੀ ਦਾ ਹੱਲ ਸਵੈ-ਰੋਜ਼ਗਾਰ ਨੂੰ ਅਪਣਾਉਣਾ ਹੀ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਵਿਭਾਗ ਵੱਲੋਂ ਸਵੈ-ਰੋਜ਼ਗਾਰ ਸਕੀਮ ਅਧੀਨ ਬੇਰੋਜ਼ਗਾਰ ਪੇਂਡੂ ਨੌਜਵਾਨਾਂ ਨੂੰ ਜਿਨ੍ਹਾਂ ਦੀ ਉਮਰ 18-50 ਸਾਲ ਹੋਵੇ, ਘੱਟੋ-ਘੱਟ ਪੰਜਵੀਂ ਪਾਸ ਹੋਣ, ਹਰੇ ਚਾਰੇ ਦੀ ਬਿਜਾਈ ਵਾਸਤੇ ਇੱਕ ਤੋਂ ਦੋ ਏਕੜ ਜ਼ਮੀਨ ਹੋਵੇ ਨੂੰ 2 ਤੋਂ 10 ਪਸ਼ੂਆਂ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। ਚਾਲੂ ਵਿੱਤੀ ਸਾਲ ਵਿੱਚ ਕੇਂਦਰ ਅਤੇ ਰਾਜ ਸਰਕਾਰ ਵੱਲੋਂ 4 ਫ਼ੀਸਦੀ ਸਾਲਾਨਾ ਵਿਆਜ ਤੇ ਖੇਤੀਬਾੜੀ ਲਿਮਿਟ ਦੀ ਤਰਜ਼ ਤੇ ਡੇਅਰੀ ਫਾਰਮਰਾਂ ਲਈ ਦੋ ਲੱਖ ਤੱਕ ਦੀ ਕਿਸਾਨ ਕ੍ਰੈਡਿਟ ਕਾਰਡ, ਲਿਮਿਟ ਡੇਅਰੀ/ਪਸ਼ੂ ਪਾਲਣ ਲਈ ਦਿੱਤੀ ਜਾ ਰਹੀ ਹੈ, ਜਿਸ ਲਈ ਕਿਸਾਨਾਂ ਨੇ ਕੋਈ ਖੇਤੀਬਾੜੀ ਲਿਮਿਟ ਨਾ ਲਈ ਹੋਵੇ, ਪਸ਼ੂ ਪਾਲਣ ਦਾ ਕਿੱਤਾ ਕਰਦਾ ਹੋਵੇ ਅਤੇ ਕਿਸੇ ਬੈਂਕ ਦਾ ਡਿਫਾਲਟਰ ਨਾ ਹੋਵੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਡੇਅਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਫਿਰੋਜ਼ਪੁਰ ਸ੍ਰੀ. ਅਸ਼ੋਕ ਜਿੰਦਲ ਨੇ ਦੱਸਿਆ ਕਿ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਅਪਣਾਉਣ ਦੇ ਚਾਹਵਾਨ ਬੇਰੋਜ਼ਗਾਰ ਨੌਜਵਾਨ ਡਿਪਟੀ ਡਾਇਰੈਕਟਰ ਡੇਅਰੀ ਕਮਰਾ ਨੰ:3,4 ਬਲਾਕ ਏ ਗਰਾਊਂਡ ਫਿਲੋਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਰੁਜ਼ਗਾਰ ਸਬੰਧੀ ਜ਼ਿਲ੍ਹਾ ਬਿਊਰੋ ਅਤੇ ਕਾਰੋਬਾਰ ਹੁਨਰ ਵਿਕਾਸ ਫਿਰੋਜ਼ਪੁਰ ਵਿਖੇ ਸੰਪਰਕ ਕਰਨ।