ਅਕਾਲੀ ਆਗੂਆਂ ਤੇ ਸਮਰੱਥਕਾਂ ਵਲੋਂ ਕਾਂਗਰਸੀ ਉਮੀਦਵਾਰਾਂ ਦੀ ਕੁੱਟਮਾਰ : ਸਾਡਾ ਇਸ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ – ਅਕਾਲੀ ਆਗੂ
– ਕਾਂਗਰਸ ਉਮੀਦਵਾਰ ਜਖ਼ਮੀ
– ਕਾਂਗਰਸ ਸਮਰੱਥਕਾਂ ਨੇ ਬਜ਼ਾਰ ਬੰਦ ਕਰਵਾ ਕੇ ਪੰਜਾਬ ਸਰਕਾਰ ਤੇ ਅਕਾਲੀ ਆਗੂਆਂ ਦੇ ਫੂਕੇ ਪੁਤਲੇ
ਗੁਰੂਹਰਸਹਾਏ, 12 ਫ਼ਰਵਰੀ (ਪਰਮਪਾਲ ਗੁਲਾਟੀ)- ਪੰਜਾਬ ਵਿਚ 25 ਫਰਵਰੀ ਨੂੰ ਹੋ ਰਹੀਆਂ ਨਗਰ ਕੌਂਸਲ ਚੋਣਾਂ ਸੰਬੰਧੀ ਅੱਜ ਸਥਾਨਕ ਸ਼ਹਿਰ ਵਿਖੇ ਅਕਾਲੀ ਆਗੂਆਂ ਅਤੇ ਸਮਰੱਥਕਾਂ ਵਲੋਂ ਕਾਂਗਰਸੀ ਉਮੀਦਵਾਰਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਹਸਪਤਾਲ ਵਿਖੇ ਪਹੁੰਚੇ ਹਲਕਾ ਕਾਂਗਰਸ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 12 ਦੇ ਸੰਭਾਵੀਂ ਉਮੀਦਵਾਰ ਆਤਮਜੀਤ ਸਿੰਘ ਡੇਵਿਡ ਅੱਜ ਦਿਨ ਦਿਹਾੜੇ ਸਵੇਰ ਕਰੀਬ 10 ਵਜੇ ਜਦੋਂ ਆਪਣੇ ਘਰ ਤੋਂ ਬਾਹਰ ਬੈਠਾ ਸੀ ਤਾਂ ਹਲਕੇ ਦੇ ਦੋ ਸੀਨੀਅਰ ਅਕਾਲੀ ਆਗੂਆਂ ਨੇ ਆਪਣੇ 15-20 ਹਥਿਆਰਬੰਦ ਸਾਥੀਆਂ ਨਾਲ ਉਸ ਉਪਰ ਹਮਲਾ ਕਰ ਦਿੱਤਾ। ਜਿਸ ਦੌਰਾਨ ਕਾਂਗਰਸੀ ਉਮੀਦਵਾਰ ਆਤਮਜੀਤ ਸਿੰਘ ਡੇਵਿਡ ਦੀਆਂ ਲੱਤਾਂ-ਬਾਹਾਂ ਤੋੜ ਦਿੱਤੀਆਂ ਗਈਆਂ। ਹਲਕਾ ਵਿਧਾਇਕ ਰਾਣਾ ਸੋਢੀ ਨੇ ਦੱਸਿਆ ਕਿ ਇਸ ਤੋਂ ਬਾਅਦ ਆਪਣੇ ਹਥਿਆਰਬੰਦ ਸਾਥੀਆਂ ਨਾਲ ਇਹ ਦੋਵੇਂ ਅਕਾਲੀ ਆਗੂ ਇਕ ਹੋਰ ਕਾਂਗਰਸ ਸੰਭਾਵੀਂ ਉਮੀਦਵਾਰ ਅਨੀਸ਼ ਡੇਮਰਾ ਦੀ ਦੁਕਾਨ 'ਤੇ ਪਹੁੰਚੇ ਅਤੇ ਦੁਕਾਨ ਅੰਦਰ ਤੋੜ ਭੰਨ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਅਕਾਲੀ ਆਗੂਆਂ ਨੂੰ ਉਹਨਾਂ ਨੂੰ ਲਲਕਾਰੇ ਮਾਰੇ ਕਿ 'ਅਸੀਂ ਦੇਖਦੇ ਹਾਂ ਕਿ ਤੁਸੀਂ ਇਲੈਕਸ਼ਨ ਕਿਵੇਂ ਲੜਦੇ ਹੋ'। ਸ਼ਰੇਆਮ ਦਿਨ ਦਿਹਾੜੇ ਬਜ਼ਾਰ ਵਿਚ ਅਨੀਸ਼ ਡੇਮਰਾ 'ਤੇ ਵੀ ਬੇਸਬਾਲ ਆਦਿ ਹਥਿਆਰਾਂ ਨਾਲ ਹੋਏ ਹਮਲੇ 'ਚ ਅਨੀਸ਼ ਡੇਮਰਾ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਇਸ ਹਮਲੇ ਦੌਰਾਨ ਜਖ਼ਮੀ ਹੋਏ ਕਾਂਗਰਸ ਉਮੀਦਵਾਰ ਆਤਮਜੀਤ ਸਿੰਘ ਡੇਵਿਡ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮੌਕੇ 'ਤੇ ਹਸਪਤਾਲ ਪਹੁੰਚੇ ਡੀ.ਐਸ.ਪੀ ਸੁਲੱਖਣ ਸਿੰਘ ਅਤੇ ਐਸ.ਐਚ.ਓ ਛਿੰਦਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈ ਕੇ ਜਖ਼ਮੀਆਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਹਸਪਤਾਲ ਵਿਖੇ ਜ਼ਖਮੀ ਕਾਂਗਰਸ ਉਮੀਦਵਾਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।
ਇਸ ਘਟਨਾ ਦੇ ਵਿਰੋਧ 'ਚ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੇ ਕਾਂਗਰਸੀ ਸਮਰੱਥਕਾਂ ਨਾਲ
ਬਜ਼ਾਰਾਂ ਵਿਚ ਜਾ ਕੇ ਰੋਸ ਪ੍ਰਗਟ ਕੀਤਾ ਅਤੇ ਦੁਕਾਨਾਂ ਬੰਦ ਕਰਵਾਈਆਂ। ਕਾਂਗਰਸ ਸਮਰੱਥਕਾਂ ਵਲੋਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਕੀਤੀ ਜਾ ਗੁੰਡਾਗਰਦੀ ਦੇ ਵਿਰੋਧ 'ਚ ਪੁਤਲੇ ਫੂਕਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਹਲਕਾ ਵਿਧਾਇਕ ਰਾਣਾ ਸੋਢੀ ਨੇ ਕਿਹਾ ਕਿ ਅਕਾਲੀਆਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਸ ਪ੍ਰਸ਼ਾਸ਼ਨ ਵਲੋਂ ਘਟਨਾ ਸੰਬੰਧਿਤ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ ਰੋਡ 'ਤੇ ਚੱਕਾ ਜਾਮ ਕਰਨਗੇ ਤੇ ਰੋਸ ਧਰਨੇ ਦੇਣਗੇ, ਜਿਸਦੀ ਪੂਰੀ ਜਿੰਮੇਵਾਰੀ ਪੁਲਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਉਧਰ ਦੂਜੇ ਪਾਸੇ ਇਸ ਮਾਮਲੇ ਨਾਲ ਸੰਬੰਧਿਤ ਅਕਾਲੀ ਆਗੂ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਮੈਨੂੰ ਘਟਨਾ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਸਾਡਾ ਇਸ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ।