ਜ਼ਿਲ੍ਹਾ ਹਸਪਤਾਲ ਵਿਖੇ ‘ਹਰ ਸ਼ੁੱਕਰਵਾਰ -ਡੇਂਗੂ ‘ਤੇ ਵਾਰ‘ ਮੁਹਿੰਮ ਦੀ ਸ਼ੁਰੂਆਤ ਤੇ ਵਿਸ਼ਵ ਹੈਪੇਟਾਈਟਸ ਦਿਵਸ ਆਯੋਜਿਤ
ਬੀਮਾਰੀਆਂ ਤੋਂ ਜਾਗਰੂਕਤਾ ਹੀ ਬਚਾਅ - ਵਿਧਾਇਕ ਰਣਬੀਰ ਭੁੱਲਰ - ਜ਼ਿਲ੍ਹਾ ਹਸਪਤਾਲ ਵਿਖੇ ਡੇਂਗੂ ਤੇ ਹੈਪੇਟਾਈਟਸ ਦਾ ਇਲਾਜ ਮੁਫਤ ਉਪਲਬਧ : ਡਾ. ਯੁਵਰਾਜ
ਜ਼ਿਲ੍ਹਾ ਹਸਪਤਾਲ ਵਿਖੇ ‘ਹਰ ਸ਼ੁੱਕਰਵਾਰ -ਡੇਂਗੂ ‘ਤੇ ਵਾਰ‘ ਮੁਹਿੰਮ ਦੀ ਸ਼ੁਰੂਆਤ ਤੇ ਵਿਸ਼ਵ ਹੈਪੇਟਾਈਟਸ ਦਿਵਸ ਆਯੋਜਿਤ
– ਬੀਮਾਰੀਆਂ ਤੋਂ ਜਾਗਰੂਕਤਾ ਹੀ ਬਚਾਅ – ਵਿਧਾਇਕ ਰਣਬੀਰ ਭੁੱਲਰ
– ਜ਼ਿਲ੍ਹਾ ਹਸਪਤਾਲ ਵਿਖੇ ਡੇਂਗੂ ਤੇ ਹੈਪੇਟਾਈਟਸ ਦਾ ਇਲਾਜ ਮੁਫਤ ਉਪਲਬਧ : ਡਾ. ਯੁਵਰਾਜ
ਫ਼ਿਰੋਜ਼ਪੁਰ, 28 ਜੁਲਾਈ 2023: ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰਜਿੰਦਰ ਪਾਲ ਦੀ ਅਗਵਾਈ ਵਿੱਚ ਡਾ. ਨਵਦੀਪ ਸੋਈ ਪ੍ਰਭਾਰੀ ਸੀਨੀਅਰ ਮੈਡੀਕਲ ਅਫਸਰ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ‘ਹਰ ਸ਼ੁੱਕਰਵਾਰ -ਡੇਂਗੂ ‘ਤੇ ਵਾਰ‘ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਵਿਸ਼ਵ ਹੈਪੇਟਾਈਟਸ ਦਿਵਸ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕਈ ਕਸਰ ਨਹੀਂ ਛੱਡੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਲਗਾਤਾਰ ਸਿਹਤ ਸੁਵਿਧਾਵਾਂ ਦੇ ਸੁਧਾਰ ਵਿੱਚ ਕਾਰਜਸ਼ੀਲ ਹੈ ਅਤੇ ਸਿਹਤ ਵਿਭਾਗ ਵੱਲੋਂ ਨਿਰੰਤਰ ਵੱਖ-ਵੱਖ ਮੁਹਿੰਮਾਂ ਅਤੇ ਪ੍ਰੋਗਰਾਮਾਂ ਰਾਹੀਂ ਰਾਜ ਦੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਅ ਅਤੇ ਤੰਦਰੁਸਤ ਜੀਵਨ ਜਾਚ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸੇ ਲੜੀ ਵਿੱਚ ਅੱਜ ਇੱਥੇ ਜ਼ਿਲ੍ਹਾ ਹਸਪਤਾਲ ਵਿੱਚ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਡੇਂਗੂ, ਮਲੇਰੀਆ ਤੋਂ ਇਲਾਵਾ ਹੈਪੇਟਾਈਟਸ ਵਰਗੀ ਖ਼ਤਰਨਾਕ ਬੀਮਾਰੀ ਬਾਰੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੇ ਆਸ਼ਾ ਵਰਕਰਜ਼ ਇਸ ਮੁਹਿੰਮ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਕਈ ਭਿਆਨਕ ਬੀਮਾਰੀਆਂ ਤੋਂ ਜਾਗਰੂਕਤਾ ਹੀ ਬਚਾਅ ਹੈ, ਇਸ ਲਈ ਇਨ੍ਹਾਂ ਬੀਮਾਰੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਹੜ੍ਹਾਂ ਦੀ ਸਥਿਤੀ ਵਿੱਚ ਸਾਡੇ ਸਿਹਤ ਕਰਮਚਾਰੀਆਂ ਨੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਯੁਵਰਾਜ ਨਾਰੰਗ ਵੱਲੋਂ ਆਮ ਜਨਤਾ ਅਤੇ ਸਿਹਤ ਸਟਾਫ ਨੂੰ ਡੇਂਗੂ ਦੀ ਰੋਕਥਾਮ, ਬਚਾਓ ਅਤੇ ਲੱਛਣਾ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇੱਕ ਦਮ ਤੇਜ਼ ਬੁਖਾਰ, ਅੱਖਾ ਦੇ ਪਿਛਲੇ ਹਿੱਸੇ ਵਿੱਚ ਦਰਦ, ਪੱਠਿਆਂ ਵਿੱਚ ਦਰਦ, ਜੀ ਕੱਚਾ ਹੋਣਾ, ਉਲਟੀਆਂ ਆਉਣਾ, ਨੱਕ, ਮੂੰਹ, ਜਬਾੜਿਆਂ ਵਿੱਚੋ ਖੂਨ ਆਉਣਾ ਤੇ ਚਮੜੀ ‘ਤੇ ਨੀਲ ਪੈਣਾ ਡੇਂਗੂ ਬੁਖਾਰ ਦੇ ਲੱਛਣ ਹਨ। ਡੇਂਗੂ ਜਿਹੀ ਭਿਆਨਕ ਬਿਮਾਰੀ ਤੋਂ ਬੱਚਣ ਲਈ ਸਾਨੂੰ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਵੱਲੋਂ ਹੈਪੇਟਾਈਟਸ ਬਿਮਾਰੀ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਹੈਪੇਟਾਈਟਸ ਦਿਵਸ ਦਾ ਥੀਮ “ਵਨ ਲਾਈਫ਼ ਵਨ ਲੀਵਰ”।
ਉਨ੍ਹਾਂ ਦੱਸਿਆ ਕਿ ਹੈਪੇਟਾਈਟਸ-ਬੀ ਅਤੇ ਸੀ (ਕਾਲਾ ਪੀਲੀਆ) ਦਾ ਸਮੇਂ ਸਿਰ ਟੈਸਟ ਅਤੇ ਇਲਾਜ ਜਿੰਦਗੀ ਬਚਾ ਸਕਦਾ ਹੈ ਅਤੇ ਅੰਤ ਵਿੱਚ ਵਾਇਰਲ ਹੈਪੇਟਾਈਟਸ ਨੂੰ ਖਤਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿਖੇ ਡੇਂਗੂ ਤੇ ਹੈਪੇਟਾਈਟਸ ਦਾ ਇਲਾਜ ਬਿਲਕੁਲ ਮੁਫਤ ਉਪਲਬਧ ਹੈ। ਪ੍ਰੋਗਰਾਮ ਦੀ ਸਫ਼ਲਤਾ ਵਿੱਚ ਮਾਸ ਮੀਡੀਆ ਅਫ਼ਸਰ ਸ੍ਰੀ ਰੰਜੀਵ, ਸਹਾਇਕ ਮਲੇਰੀਆ ਅਫ਼ਸਰ ਗੁਰਲਾਲ ਸਿੰਘ, ਚਿਮਨ ਸਿੰਘ, ਹਰਮੇਸ਼ ਚੰਦਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਨਰਿੰਦਰ ਸ਼ਰਮਾ ਤੇ ਰਮਨ ਅੱਤਰੀ ਤੋਂ ਇਲਾਵਾ ਸਿਹਤ ਵਿਭਾਗ ਦਾ ਸਟਾਫ਼ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।