Ferozepur News
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਮ ਬਾਗ ਬਿਰਧ ਆਸ਼ਰਮ ਵਿਖੇ ਕਰਵਾਇਆ ਗਿਆ ਤੀਆਂ ਦਾ ਮੇਲਾ
ਵਿਦਿਆਰਥਣਾਂ ਵੱਲੋਂ ਆਪਣੇ ਗਿੱਧੇ, ਡਾਂਸ, ਗੀਤਾਂ ਅਤੇ ਬਿਰਧ ਆਸ਼ਰਮ ਦੇ ਮੈਂਬਰਾਂ ਵੱਲੋਂ ਭਜਨਾਂ ਨਾਲ ਸਿਰਜਿਆ ਰੰਗਾਰੰਗ ਮਾਹੌਲ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਮ ਬਾਗ ਬਿਰਧ ਆਸ਼ਰਮ ਵਿਖੇ ਕਰਵਾਇਆ ਗਿਆ ਤੀਆਂ ਦਾ ਮੇਲਾ
ਵਿਦਿਆਰਥਣਾਂ ਵੱਲੋਂ ਆਪਣੇ ਗਿੱਧੇ, ਡਾਂਸ, ਗੀਤਾਂ ਅਤੇ ਬਿਰਧ ਆਸ਼ਰਮ ਦੇ ਮੈਂਬਰਾਂ ਵੱਲੋਂ ਭਜਨਾਂ ਨਾਲ ਸਿਰਜਿਆ ਰੰਗਾਰੰਗ ਮਾਹੌਲ
ਫਿਰੋਜ਼ਪੁਰ 20 ਜੁਲਾਈ, 2022: ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਰਾਮ ਬਾਗ ਬਿਰਧ ਆਸ਼ਰਮ ਫਿਰੋਜ਼ਪੁਰ ਛਾਉਣੀ ਵਿਖੇ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਜਿੱਥੇ ਬਿਰਧ ਆਸ਼ਰਮ ਦੇ ਮੈਂਬਰਾਂ ਵੱਲੋਂ ਭਜਨ ਗਾਏ ਗਏ ਅਤੇ ਦੇਵ ਸਮਾਜ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ, ਡਾਂਸ ਅਤੇ ਗੀਤ ਪੇਸ਼ ਕਰ ਕੇ ਰੰਗਾਰੰਗ ਮਾਹੌਲ ਸਿਰਜਿਆ ਗਿਆ। ਮੇਲੇ ਵਿਚ ਚੂੜੀਆਂ ਅਤੇ ਮਹਿੰਦੀ ਦੇ ਸਟਾਲ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਰਹੇ, ਜਿਥੇ ਮੇਲੇ ਵਿੱਚ ਆਈਆਂ ਕੁੜੀਆਂ ਨੇ ਮਹਿੰਦੀ ਲਗਵਾਈ ਅਤੇ ਹੱਥਾਂ ਵਿਚ ਚੂੜੀਆਂ ਪਹਿਨੀਆਂ। ਇਸ ਮੇਲੇ ਵਿਚ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਸ਼੍ਰੀਮਤੀ ਅੰਮ੍ਰਿਤ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਵਣ ਖਾਸ ਕਰਕੇ ਲੜਕੀਆਂ ਲਈ ਖੁਸ਼ੀਆਂ ਅਤੇ ਜਸ਼ਨਾਂ ਦਾ ਮਹੀਨਾ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿਚ ਬਜ਼ੁਰਗਾਂ ਦਾ ਜਿਆਦਾਤਰ ਪਿਆਰ ਛੋਟੀਆਂ ਬੱਚੀਆਂ ਅਤੇ ਬੱਚਿਆਂ ਨਾਲ ਹੀ ਹੁੰਦਾ ਹੈ ਇਸ ਲਈ ਇਸ ਮਹੀਨੇ ਨੂੰ ਬਿਰਧ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ ਲਈ ਵਿਸ਼ੇਸ਼ ਬਣਾਉਣ ਲਈ ਅਸੀਂ ਸਾਰੇ ਇੱਥੇ ਛੋਟੀਆਂ ਕੁੜੀਆਂ ਦੇ ਨਾਲ ਮੇਲੇ ਦੇ ਰੂਪ ਵਿੱਚ ਇੱਕਠੇ ਹੋਏ ਹਾਂ, ਜਿੱਥੇ ਕੁੜੀਆਂ ਵੱਲੋਂ ਆਪਣੇ ਡਾਂਸ ਅਤੇ ਗੀਤਾਂ ਅਤੇ ਬਜ਼ੁਰਗਾਂ ਵੱਲੋਂ ਆਪਣੇ ਭਜਨਾਂ ਨਾਲ ਵਧੀਆ ਮਾਹੌਲ ਬਣਾਇਆ ਗਿਆ ਹੈ। ਤੀਆਂ ਕੁੜੀਆਂ ਦਾ ਖਾਸ ਤਿਊਹਾਰ ਹੈ, ਜਿਸ ਕਰ ਕੇ ਡਿਪਟੀ ਕਮਿਸ਼ਨਰ ਆਪਣੀ ਇੱਕ ਸਾਲ ਦੀ ਬੇਟੀ ਨੂੰ ਵੀ ਇਸ ਮੇਲੇ ਦਾ ਹਿੱਸਾ ਬਣਾਉਣ ਲਈ ਖਾਸ ਤੌਰ ਤੇ ਮੇਲੇ ਵਿਚ ਲੈ ਕੇ ਆਏ ਅਤੇ ਮੇਲੇ ਵਿਚ ਛੋਟੀ ਬੱਚੀ ਦੇ ਹੱਥਾਂ ਤੇ ਮਹਿੰਦੀ ਲਗਾਉਣ ਅਤੇ ਚੂੜੀਆਂ ਪਹਿਨਾਉਣ ਨਾਲ ਬੱਚੀ ਦੇ ਚਿਹਰੇ ਦੇ ਵੱਖਰੀ ਖੁਸ਼ੀ ਦੇਖਣ ਨੂੰ ਮਿਲੀ। ਇਸ ਦੌਰਾਨ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਉਥੇ ਹਾਜ਼ਰ ਬਜ਼ੂਰਗ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਪਲਾਂਟਸ ਦੇ ਕੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਇਥੇ ਬਜ਼ੂਰਗਾਂ ਅਤੇ ਕੁੜੀਆਂ ਨਾਲ ਤੀਆਂ ਦਾ ਮੇਲਾ ਮਨਾ ਕੇ ਬਹੁਤ ਖੁਸ਼ੀ ਮਿਲੀ ਹੈ। ਡਿਪਟੀ ਕਮਿਸ਼ਨਰ ਵੱਲੋਂ ਆਈਆਂ ਹੋਈਆਂ ਕੁੜੀਆਂ ਅਤੇ ਉਨ੍ਹਾ ਦੀ ਪ੍ਰਫਾਰਮੈਂਸ ਲਈ ਤਾਰੀਫ ਕੀਤੀ ਅਤੇ ਗਰੁਪ ਫੋਟ ਕਰ ਵਾ ਕੇ ਉਨ੍ਹਾਂ ਦੀ ਹੋਂਸਲਾਅਫਜਾਈ ਕੀਤੀ।ਇਸ ਮੌਕੇ ਬਿਰਧ ਆਸ਼ਰਮ ਦੇ ਮੈਂਬਰਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਲਈ ਅਸੀਂ ਧੰਨਵਾਦੀ ਹਾਂ, ਜਿਸ ਕਰ ਕੇ ਉਨ੍ਹਾਂ ਨੇ ਇਸ ਖੂਬਸੂਰਤ ਸ਼ਾਮ ਦਾ ਆਨੰਦ ਮਾਨਿਆ ਹੈ।
ਇਸ ਮੌਕੇ ਸ੍ਰੀਮਤੀ ਰਤਨਦੀਪ ਸੰਧੂ ਡੀ.ਪੀ.ਓ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਬੈਨਰ ਹੇਠ ਇਹ ਸਮਾਗਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮ ਵਿਖੇ ਤੀਆਂ ਦਾ ਤਿਊਹਾਰ ਮਨਾਉਣ ਮੌਕੇ ਬਜ਼ੁਰਗਾਂ ਅਤੇ ਕੁੜੀਆਂ ਸਾਰੇ ਹੀ ਬਹੁਤ ਉਤਸ਼ਾਹਿਤ ਸਨ ਹਰ ਇਕ ਦੇ ਚਿਹਰੇ ਤੇ ਖੁਸ਼ੀ ਸੀ। ਮੇਲੇ ਦੌਰਾਨ ਸਾਵਣ ਮਹੀਨੇ ਦੇ ਪ੍ਰਮੁੱਖ ਵਿਅਜੰਨ ਖੀਰ ਅਤੇ ਪੂੜਿਆਂ ਦਾ ਵੀ ਖੂਬ ਆਨੰਦ ਮਾਨਿਆ ਗਿਆ।
ਇਸ ਮੌਕੇ ਰਾਮ ਬਾਗ ਬਿਰਧ ਘਰ ਦੇ ਪ੍ਰਧਾਨ ਹਰੀਸ਼ ਗੋਇਲ, ਐਨ.ਕੇ ਜੈਨ, ਨਰੇਸ਼ ਗੋਇਲ, ਅਨੂਪ ਗੋਇਲ, ਵਨ ਸਟਾਪ ਸੈਂਟਰ ਦੀ ਸ੍ਰੀਮਤੀ ਰੀਤੂ ਪਲਟਾ ਸੀ.ਏ., ਸੁਪਰਵਾਈਜ਼ਰ ਆਂਚਲ, ਮਨਦੀਪ ਕੌਰ, ਕੁਲਜਿੰਦਰ ਕੌਰ ਅਤੇ ਆਂਗਣਵਾੜੀ ਵਰਕਰ ਵੀ ਹਾਜ਼ਰ ਸਨ।