Ferozepur News
ਹੁਸੈਨੀਵਾਲਾ ਸਰਹੱਦ ਦੇ ਆਲ਼ੇ-ਦੁਆਲ਼ੇ ਦੇ ਖੇਤਰਾਂ ਨੂੰ ਸੁੰਦਰ ਤੇ ਆਕਰਸ਼ਕ ਦਿੱਖ ਦੇਣ ਲਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ (See Video)
ਸੱਭਿਆਚਾਰਕ ਸੈਰ-ਸਪਾਟੇ ਦੀ ਸੰਭਾਵਨਾ ਨੂੰ ਪ੍ਰਫੁਲਿਤ ਕੀਤਾ ਜਾਵੇਗਾ - ਅਮ੍ਰਿਤ ਸਿੰਘ
ਹੁਸੈਨੀਵਾਲਾ ਸਰਹੱਦ ਦੇ ਆਲ਼ੇ-ਦੁਆਲ਼ੇ ਦੇ ਖੇਤਰਾਂ ਨੂੰ ਸੁੰਦਰ ਤੇ ਆਕਰਸ਼ਕ ਦਿੱਖ ਦੇਣ ਲਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ*
– ਸੱਭਿਆਚਾਰਕ ਸੈਰ-ਸਪਾਟੇ ਦੀ ਸੰਭਾਵਨਾ ਨੂੰ ਪ੍ਰਫੁਲਿਤ ਕੀਤਾ ਜਾਵੇਗਾ – ਅਮ੍ਰਿਤ ਸਿੰਘ
ਫਿਰੋਜ਼ਪੁਰ, 17 ਜਨਵਰੀ 2023:
ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ “ਸ਼ਹੀਦਾਂ ਦੀ ਧਰਤੀ” ਫਿਰੋਜ਼ਪੁਰ ਵਿਖੇ ਇਸ ਖੇਤਰ ਦੇ ਅਮੀਰ ਇਤਿਹਾਸ ਨੂੰ ਉਜਾਗਰ ਕਰਨ ਦੇ ਨਾਲ-ਨਾਲ ਸੈਲਾਨੀਆਂ ਨੂੰ ਸ਼ਹੀਦੀ ਸਮਾਰਕ ਵੇਖਣ ਲਈ ਆਕਰਸ਼ਿਤ ਕਰਨ ਅਤੇ ਇਲਾਕੇ ਵਿੱਚ ਸੈਰ-ਸਪਾਟਾ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਗਨਰੇਗਾ) ਅਤੇ ਹੋਰ ਸਕੀਮਾਂ ਤਹਿਤ ਹੁਸੈਨੀਵਾਲਾ ਸਰਹੱਦ ਦੇ ਆਲ਼ੇ-ਦੁਆਲ਼ੇ ਦੇ ਖੇਤਰਾਂ ਨੂੰ ਸੁੰਦਰ ਤੇ ਆਕਰਸ਼ਕ ਦਿੱਖ ਦੇਣ ਲਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਉਣ ਵਾਲੇ ਸੈਲਾਨੀਆਂ ਨੂੰ ਸਾਡੇ ਸੁਤੰਤਰਤਾ ਸੰਗਰਾਮੀਆਂ ਦੀ ਵੀਰਤਾ ਅਤੇ ਬਹਾਦਰੀ ਬਾਰੇ ਸਿੱਖਿਅਤ ਅਤੇ ਪ੍ਰੇਰਿਤ ਕਰਨ ਦੇ ਮਕਸਦ ਨਾਲ ਫਿਰੋਜ਼ਪੁਰ ਤੋਂ ਹੁਸੈਨੀਵਾਲਾ ਸਰਹੱਦ ਤੱਕ 6 ਕਿਲੋਮੀਟਰ ਸੜਕ ‘ਤੇ 16 ਖੰਭੇ ਲਗਾਏ ਗਏ ਹਨ ਜਿਨ੍ਹਾਂ ‘ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਅਤੇ ਹੋਰ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਅਤੇ ਵਿਚਾਰਾਂ ਨੂੰ ਉਲੀਕਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੱਧਾ ਕਿਲੋਮੀਟਰ ਦਾ ਕੁਦਰਤ ਮਾਰਗ ਬਣਾਇਆ ਗਿਆ ਹੈ ਜੋ ਭਾਰਤ-ਪਾਕਿ ਸਰਹੱਦ ‘ਤੇ ਸਤਲੁਜ ਦਰਿਆ ਉੱਤੇ ਜਾ ਕੇ ਖ਼ਤਮ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਦਾ ਮਕਸਦ ਇਸ ਖੇਤਰ ਦੀ ਸੰਪੂਰਨ ਸੱਭਿਆਚਾਰਕ ਸੈਰ-ਸਪਾਟੇ ਦੀ ਸੰਭਾਵਨਾ ਨੂੰ ਪੂਰਨ ਰੂਪ ਨਾਲ ਪ੍ਰਫੁਲਿਤ ਕਰਨਾ ਹੈ।