Ferozepur News
ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸਕੂਲੀ ਵਾਹਨਾਂ ਦਾ ਨਿਰੀਖਣ
ਫ਼ਿਰੋਜ਼ਪੁਰ 29 ਅਗਸਤ (Manish Bawa ) ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਿਰੋਜਪੁਰ ਮੈਡਮ ਰਤਨਦੀਪ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫ਼ਿਰੋਜਪੁਰ ਵੱਲੋਂ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸ਼ਰਤਾਂ ਪੂਰੀਆਂ ਨਾ ਕਰਦੀਆਂ ਸਕੂਲ ਬੱਸਾਂ ਦੇ ਚਲਾਨ ਕੱਟੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕਰਮਚਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਸੇਫ਼ ਸਕੂਲ ਵਾਹਨ ਟੀਮ ਵੱਲੋਂ ਫ਼ਿਰੋਜ਼ਪੁਰ ਦੇ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਕੁੱਝ ਵਾਹਨਾਂ ਵਿਚ ਨਾ ਹੀ ਸਪੀਡ ਗਵਰਨਰ ਸੀ ਅਤੇ ਕੁੱਝ ਬੱਸਾਂ ਵਿਚ ਸੀਟਾਂ ਵੀ ਫੱਟਿਆਂ ਦੀਆਂ ਸਨ, ਜਿਸ ਦੇ ਚੱਲਦਿਆਂ ਟੀਮ ਵੱਲੋਂ ਪੰਜ ਸਕੂਲੀ ਵਾਹਨਾਂ ਦੇ ਚਲਾਨ ਕੀਤੇ ਗਏ।
ਇਸ ਮੌਕੇ ਟੀਮ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਡਰਾਈਵਰਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਦੀ ਇੰਨ -ਬਿੰਨ ਪਾਲਣਾ ਕਰਨ ਲਈ ਕਿਹਾ ਤਾਂ ਜੋ ਸਕੂਲੀ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕੇ।
ਇਸ ਮੌਕੇ ਕੁਲਵਿੰਦਰ ਕੌਰ, ਸੁਖਜਿੰਦਰ ਕੁਮਾਰ, ਦਿਨੇਸ਼ ਕੁਮਾਰ ਆਦਿ ਹਾਜ਼ਰ ਸਨ।