ਸੇਵਾ ਕੇਂਦਰਾਂ 'ਤੇ ਪਾਸਪੋਰਟ ਲਈ ਦਿੱਤੀ ਜਾ ਸਕੇਗੀ ਅਰਜੀ ਡਿਪਟੀ ਕਮਿਸ਼ਨਰ
ਫਾਜ਼ਿਲਕਾ, 6 ਮਈ : (Rajesh Kataria) : ਪੰਜਾਬ ਸਰਕਾਰ ਵੱਲੋਂ ਸਥਾਪਿਤ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿਚ ਵਿਸਥਾਰ ਕਰਦਿਆਂ ਹੁਣ ਇੰਨਾਂ ਕੇਂਦਰਾਂ ਤੇ 2 ਹੋਰ ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਵਿਖੇ ਇਹ ਸੇਵਾਵਾਂ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ ਸੇਵਾ ਕੇਂਦਰਾਂ ਵਿਚ ਪਾਸਪੋਰਟ ਨਾਲ ਸਬੰਧਤ 8 ਸੇਵਾਵਾਂ ਜਿਵੇਂ ਪਾਸਪੋਰਟ ਦਫ਼ਤਰ ਤੋਂ ਸਮਾਂ ਲੈਣਾ, ਨਵੀਨੀਕਰਨ, ਪੁਲਿਸ ਕਲੀਅਰੈਂਸ ਆਦਿ ਉਪਲਬੱਧ ਕਰਵਾ ਦਿੱਤੀਆਂ ਗਈਆਂ ਹਨ। ਇਸੇ ਤਰਾਂ ਬੀ.ਐਸ.ਐਨ.ਐਲ. ਦੇ ਲੈਂਡਲਾਈਨ ਫੋਨਾਂ ਅਤੇ ਬਰਾਂਡਬੈਂਡ ਇੰਟਰਨੈਟ ਦੇ ਬਿੱਲ ਵੀ ਇੰਨਾਂ ਸੇਵਾ ਕੇਂਦਰਾਂ ਤੇ ਭਰੇ ਜਾ ਸਕਦੇ ਹਨ। ਉਨਾਂ ਨੇ ਕਿਹਾ ਕਿ ਇਸ ਸੇਵਾ ਦਾ ਜ਼ਿਲਾ ਵਾਸੀਆਂ ਨੂੰ ਆਪਣੇ ਨੇੜਲੇ ਸੇਵਾ ਕੇਂਦਰ ਤੋਂ ਲਾਭ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜਦੀਕ ਹੀ ਸਰਕਾਰੀ ਸੇਵਾਵਾਂ ਉਪਲਬੱਧ ਕਰਵਾਉਣ ਦੇ ਉਦੇਸ਼ ਨਾਲ ਸੇਵਾ ਕੇਂਦਰਾਂ ਵਿਚ ਇਹ ਦੋ ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਖੁੱਲੇ ਰਹਿੰਦੇ ਹਨ। ਉਨਾਂ ਕਿਹਾ ਕਿ ਨੌਕਰੀ ਪੇਸ਼ਾ ਲੋਕ ਸ਼ਨੀਵਾਰ ਵਾਲੇ ਦਿਨ ਆਪਣੇ ਘਰ ਪਰਿਵਾਰ ਦੇ ਸੇਵਾ ਕੇਂਦਰਾਂ ਨਾਲ ਸਬੰਧਤ ਕੰਮ ਕਰਵਾ ਸਕਦੇ ਹਨ। ਜ਼ਿਲੇ ਵਿਚ ਇਸ ਸਮੇਂ ਕੁੱਲ 84 ਸੇਵਾ ਕੇਂਦਰ ਕੰਮ ਕਰ ਰਹੇ ਹਨ ਜਿੱਥੇ ਲੋਕਾਂ ਨੂੰ ਵੱਖ ਵੱਖ ਸਰਕਾਰੀ ਸੇਵਾਵਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ।