ਸਿਹਤ ਵਿਭਾਗ ਵੱਲੋਂ ਵਿਸ਼ਵ ਜੂਨੋਸਿਸ ਦਿਵਸ ‘ਤੇ ਵਿਸੇ਼ਸ ਮੀਟਿੰਗ, ਸੰਕ੍ਰਮਿਤ ਜਾਨਵਰਾਂ ਦੇ ਕੱਟਣ ਨਾਲ ਹੁੰਦਾ ਹੈ ਜੂਨੋਸਿਸ ਰੋਗ
ਸਿਹਤ ਵਿਭਾਗ ਵੱਲੋਂ ਵਿਸ਼ਵ ਜੂਨੋਸਿਸ ਦਿਵਸ ‘ਤੇ ਵਿਸੇ਼ਸ ਮੀਟਿੰਗ, ਸੰਕ੍ਰਮਿਤ ਜਾਨਵਰਾਂ ਦੇ ਕੱਟਣ ਨਾਲ ਹੁੰਦਾ ਹੈ ਜੂਨੋਸਿਸ ਰੋਗ
ਫਿਰੋਜ਼ਪੁਰ 06, ਜੁਲਾਈ 2023:
ਸਿਵਲ ਸਰਜਨ ਡਾ. ਰਜਿੰਦਰ ਪਾਲ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਐਪੀਡੀਮਾਲੋਜਿਸ ਡਾ. ਸ਼ਮਿੰਦਰਪਾਲ ਕੌਰ ਦੀ ਅਗਵਾਈ ਹੇਠ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ।
ਇਸ ਮੋਕੇ ਡਾ. ਸ਼ਮਿੰਦਰਪਾਲ ਕੌਰ ਨੇ ਦੱਸਿਆ ਕਿ ਸੰਕਰਮਣ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਜੂਨੋਸਿਸ ਦਿਵਸ ਹਰ ਸਾਲ 6 ਜੁਲਾਈ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਜੂਨੋਟਿਕ ਬਿਮਾਰੀਆਂ ਜਾਨਵਰਾਂ ਵਿੱਚ ਪੈਦਾ ਹੁੰਦੀਆਂ ਹਨ ਅਤੇ ਮਨੁੱਖਾਂ ਵਿੱਚ ਵੀ ਫੈਲ ਸਕਦੀਆਂ ਹਨ ਜੋ ਜਾਨਵਰਾਂ ਦੇ ਕੱਟਣ ਨਾਲ ਜਾਂ ਲਾਗ ਵਾਲੇ ਜਾਨਵਰ ਦੇ ਸਰੀਰ ਦੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਵਾਇਰਸ, ਬੈਕਟੀਰੀਆ, ਫੰਜਾਈ, ਪ੍ਰਾਇਓਨ ਜਾਂ ਪਰਜੀਵੀ ਜੂਨੋਸਿਸ ਦਾ ਕਾਰਨ ਬਣਦੇ ਹਨ। ਰੇਬੀਜ਼, ਸਵਾਈਨ ਫਲੂ ਦੀਆਂ ਕੁਝ ਕਿਸਮਾਂ, ਲੈਪਟੋਸਪਾਇਰੋਸਿਸ, ਬਰੂਸੈਲੋਸਿਸ, ਐਂਥ੍ਰੈਕਸ, ਰਿਕੇਟਸੀਓਸਿਸ ਸਭ ਤੋਂ ਭਿਆਨਕ ਜੂਨੋਟਿਕ ਬਿਮਾਰੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਰੋਗ ਸੰਕ੍ਰਮਿਤ ਜਾਨਵਰ ਜਿਵੇਂ ਕੁੱਤੇ, ਨਿਉਲੇ, ਬਿੱਲੀ, ਖ਼ਰਗੋਸ਼ ਆਦਿ ਦੇ ਕੱਟਣ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਾਨਵਰ ਦੇ ਕੱਟਣ ’ਤੇ ਤੁਰੰਤ ਜ਼ਖ਼ਮ ਨੂੰ ਚੱਲ ਰਹੇ ਪਾਣੀ ਅਤੇ ਸਾਬਣ ਨਾਲ ਪੰਦਰਾਂ ਮਿੰਟ ਧੋਣਾ ਚਾਹੀਦਾ ਹੈ ਅਤੇ ਜ਼ਖ਼ਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਵਿਅਕਤੀ ਨੂੰ ਬਿਨਾਂ ਕਿਸੇ ਦੇਰੀ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਲੋੜੀਂਦੀ ਡਾਕਟਰੀ ਸਹਾਇਤਾ ਲਈ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਹਲਕਾਅ ਵੀ ਇਕ ਜੂਨੋਸਿਸ ਰੋਗ ਹੈ ਅਤੇ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਇਸ ਨਾਲ ਆਪਣੀ ਜਾਨ ਗੁਆ ਬੈਠਦੇ ਹਨ। ਇਨ੍ਹਾਂ ਰੋਗਾਂ ਤੋਂ ਬਚਾਅ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਪਾਲਤੂ ਜਾਨਵਰਾਂ ਬਿੱਲੀਆਂ, ਕੁੱਤਿਆਂ ਆਦਿ ਦਾ ਹਰ ਸਾਲ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਪਾਲਤੂ ਬਿੱਲੀਆਂ ਕੁੱਤਿਆਂ ਆਦਿ ਨੂੰ ਗਲੀਆਂ ਵਿਚ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ ਅਤੇ ਬਾਹਰ ਜਾਣ ਸਮੇਂ ਉਨ੍ਹਾਂ ਨੂੰ ਪਟੇ ਜਾਂ ਸੰਗਲ ਨਾਲ ਬੰਨ੍ਹ ਕੇ ਜਾਣਾ ਚਾਹੀਦਾ ਹੈ।
ਇਸ ਮੌਕੇ ਡਾ. ਸਮੀਰ ਸਚਦੇਵਾ, ਡਾ. ਰੁਪਿੰਦਰਜੀਤ ਕੌਰ, ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ, ਡਾਟਾ ਮੈਨੇਜਰ ਪੂਜਾ, ਨੇਹਾ, ਸੁਚੇਤਾ ਆਦਿ ਹਾਜਰ ਸਨ।