ਸਿਵਲ ਹਸਪਤਾਲ ਦੇ ਬਲੱਡ ਬੈਂਕ ਲਈ ਦਸਮੇਸ਼ ਯੁਵਕ ਸੇਵਾਵਾਂ ਕਲੱਬ ਪੋਜੋ ਕੇ ਉਤਾੜ ਦੇ 5 ਨੌਜਵਾਨਾਂ ਨੇ ਕੀਤਾ ਖ਼ੂਨਦਾਨ
ਫਿਰੋਜ਼ਪੁਰ 23 ਅਪ੍ਰੈਲ 2020) ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੈੱਡ ਕਰਾਸ ਸ਼ਾਖਾ ਫਿਰੋਜ਼ਪੁਰ ਵੱਲੋਂ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਚ ਖ਼ੂਨ ਦੀ ਕਮੀ ਦੇ ਮੱਦੇਨਜ਼ਰ ਲੋਕਾਂ ਨੂੰ ਖ਼ੂਨਦਾਨ ਕਰਨ ਦੀ ਅਪੀਲ ਤੋਂ ਬਾਅਦ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਵੱਲੋਂ ਯੂਥ ਕਲੱਬਾਂ ਅਤੇ ਕੌਮੀ ਸੇਵਾ ਯੋਜਨਾ ਯੂਨਿਟਾਂ ਨੂੰ ਖ਼ੂਨਦਾਨ ਦੀ ਅਪੀਲ ਕੀਤੀ ਗਈ ਸੀ।
ਖ਼ੂਨਦਾਨ ਦੀ ਅਪੀਲ ਤੋਂ ਬਾਅਦ ਕਰਫ਼ਿਊ ਦੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਦਸਮੇਸ਼ ਯੁਵਕ ਸੇਵਾਵਾਂ ਕਲੱਬ ਪੋਜੋ ਕੇ ਉਤਾੜ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਟੇਟ ਅਵਾਰਡੀ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਆਪਣੇ ਕਲੱਬ ਦੇ 5 ਮੈਂਬਰਾਂ ਸਮੇਤ 5 ਯੂਨਿਟ ਖ਼ੂਨਦਾਨ ਕੀਤਾ ਗਿਆ। ਖ਼ੂਨਦਾਨ ਕਰਨ ਵਿਚ ਗਿੰਦਰਪਾਲ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ, ਕਿੱਕਰ ਸਿੰਘ, ਲਖਵਿੰਦਰ ਸਿੰਘ ਸ਼ਾਮਲ ਸਨ। ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਇਸ ਕੰਮ ਲਈ ਦਸਮੇਸ਼ ਯੁਵਕ ਸੇਵਾਵਾਂ ਕਲੱਬ ਦਾ ਧੰਨਵਾਦ ਕੀਤਾ ਤੇ ਹੋਰਨਾਂ ਕਲੱਬਾਂ ਦੇ ਮੈਂਬਰਾਂ ਨੂੰ ਵੀ ਕਰਫ਼ਿਊ ਦੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਖ਼ੂਨਦਾਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਰੈੱਡਕਰਾਸ ਸ਼ਾਖਾ ਜਾਂ ਸਿਵਲ ਹਸਪਤਾਲ ਨਾਲ ਸੰਪਰਕ ਕਰ ਕੇ ਨਿਸ਼ਚਿਤ ਮਿਤੀ ਲੈ ਕੇ ਖ਼ੂਨਦਾਨ ਕਰ ਸਕਦਾ ਹੈ।