ਸਹਿਕਾਰਤਾ ਵਿਭਾਗ ਫਿਰੋਜ਼ਪੁਰ ਵੱਲੋਂ ਮਿਸ਼ਨ ਫਤਹਿ ਤਹਿਤ ਡੋਰ-ਟੂ-ਡੋਰ ਜਾ ਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਅਤੇ ਸਾਵਧਾਨੀਆਂ ਪ੍ਰਤੀ ਕੀਤਾ ਗਿਆ ਜਾਗਰੂਕ
ਲੋਕ ਆਪਣੇ ਮੂੰਹ ਤੇ ਮਾਸਕ ਪਾ ਕੇ ਹੀ ਘਰੋ ਬਾਹਰ ਨਿਕਲਣ, ਸਮਾਜਿਕ ਦੂਰੀ ਬਣਾ ਕੇ ਰੱਖਣ ਤੇ ਹੱਥਾਂ ਨੂੰ ਵਾਰ ਵਾਰ ਸੈਨੇਟਾਈਜ ਕਰਨ -ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ
ਫਿਰੋਜ਼ਪੁਰ 5 ਅਗਸਤ 2020
ਪੰਜਾਬ ਸਰਕਾਰ ਦੇ ਦਿਸ਼ਾ- ਨਿਰਦੇਸ਼ਾ ਹੇਠ ਅਤੇ ਡਿਪਟੀ ਕਮਿਸ਼ਨਰ ਸ੍ਰੀ. ਗੁਰਪਾਲ ਸਿੰਘ ਚਾਹਲ ਦੇ ਸਹਿਯੋਗ ਨਾਲ ਸਹਿਕਾਰਤਾ ਵਿਭਾਗ ਫਿਰੋਜ਼ਪੁਰ ਵੱਲੋਂ ਮਿਸ਼ਨ ਫਤਿਹ ਤਹਿਤ ਡੋਰ ਟੂ ਡੋਰ ਕੰਪੇਨ ਚਲਾ ਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਅਤੇ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਸਹਿਕਾਰਤਾ ਵਿਭਾਗ ਫਿਰੋਜ਼ਪੁਰ ਦੇ ਡਿਪਟੀ ਰਜਿਸਟਰਾਰ ਵਰਿੰਦਰ ਕੁਮਾਰ ਕੋਛੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਸਹਿਕਾਰਤਾ ਵਿਭਾਗ ਫਿਰੋਜ਼ਪੁਰ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਸਭਾਵਾਂ ਵੱਲੋਂ ਘਰ-ਘਰ ਜਾ ਕੇ ਕਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਇਸ ਵਾਇਰਸ ਤੋਂ ਬਚਾਅ ਕਰਨ ਲਈ ਸਾਨੂੰ ਆਪਣੇ ਹੱਥ ਵਾਰ ਵਾਰ ਸਾਬਣ ਨਾਲ ਧੋਣੇ ਚਾਹੀਦੇ ਹਨ, ਮੂੰਹ ਨੂੰ ਮਾਸਕ ਜਾਂ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਬਾਹਰ ਭੀੜ ਵਾਲੀਆਂ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਨੂੰ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੀ ਅਜੇ ਤੱਕ ਕੋਈ ਵੀ ਦਵਾਈ ਨਹੀਂ ਬਣੀ ਸਿਰਫ਼ ਸਾਵਧਾਨੀਆਂ ਵਰਤ ਕੇ ਹੀ ਅਸੀਂ ਇਸ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਤੇ ਫਤਿਹ ਪਾਈ ਜਾ ਸਕਦੀ ਹੈ ਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ।