ਸਰਕਾਰੀ ਕਾਲਜ ਦੇ ਨਾਮ ਤੋਂ ਸ਼ਹੀਦ ਊਧਮ ਸਿੰਘ ਦਾ ਨਾਮ ਹਟਾਉਣ ਦੀ ਕੌਝੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ : ਛਾਂਗਾ ਰਾਏ, ਢਾਬਾਂ
ਸਰਕਾਰੀ ਕਾਲਜ ਦੇ ਨਾਮ ਤੋਂ ਸ਼ਹੀਦ ਊਧਮ ਸਿੰਘ ਦਾ ਨਾਮ ਹਟਾਉਣ ਦੀ ਕੌਝੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ : ਛਾਂਗਾ ਰਾਏ, ਢਾਬਾਂ
ਗੁਰੂਹਰਸਹਾਏ, 30 ਜੂਨ (ਪਰਮਪਾਲ ਗੁਲਾਟੀ)- ਸਰਹੱਦੀ ਇਲਾਕੇ ਦੇ ਵਿਦਿਆਰਥੀਆਂ ਨੂੰ ਵਿੱਦਿਆ ਦਾ ਚਾਨਣ ਵੰਡ ਰਹੇ ਅਤੇ ਸ਼ਹੀਦ ਊਧਮ ਸਿੰਘ ਦੇ ਮਹਾਨ ਵਿਰਸੇ ਨਾਲ ਜੋੜ ਰਹੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਮੋਹਣ ਕੇ ਹਿਠਾੜ (ਗੁਰੂਹਰਸਹਾਏ) ਤੋਂ ਸ਼ਹੀਦ ਊਧਮ ਸਿੰਘ ਦਾ ਨਾਮ ਹਟਾਉਣ ਸ਼ਹੀਦਾਂ ਦੇ ਅਪਮਾਨ ਕਰਨ ਦੇ ਬਰਾਬਰ ਹੈ ਅਤੇ ਸਰਕਾਰ ਦੀ ਅਜਿਹੀ ਕੌਜੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਿਲ•ਾ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਨੇ ਅੱਜ ਇਥੋਂ ਜਾਰੀ ਇਕ ਸਾਂਝੇ ਪ੍ਰੈਸ ਬਿਆਨ ਵਿਚ ਕੀਤਾ। ਆਗੂਆਂ ਨੇ ਅੱਗੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇਸ਼ ਦਾ ਇਕ ਮਹਾਨ ਇਨਕਲਾਬੀ ਯੋਧਾ ਹੈ ਅਤੇ ਉਸ ਦੀ ਅਦੁਤੀ ਕੁਰਬਾਨੀ ਸਦਕਾ ਹੀ ਅੱਜ ਦੇਸ਼ ਦੇ ਲੋਕ ਆਜ਼ਾਦ ਹਵਾ ਵਿਚ ਸਾਹ ਲੈ ਰਹੇ ਹਨ। ਉਹਨਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੀਆਂ ਹਾਕਮ ਸਰਕਾਰਾਂ ਵਲੋਂ ਪਹਿਲਾਂ ਤਾਂ ਦੇਸ਼ ਦੇ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਵਿਗਾੜਿਆ ਜਾ ਰਿਹਾ ਸੀ ਪਰ ਹੁਣ ਉਹਨਾਂ ਮਹਾਨ ਸ਼ਹੀਦਾਂ ਦੇ ਨਾਮ ਨੂੰ ਵੀ ਵਿਦਿਆਰਥੀਆਂ ਅਤੇ ਲੋਕ ਮਨਾਂ ਵਿਚੋਂ ਵਿਸਾਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਆਗੂਆਂ ਨੇ ਅੱਗੇ ਕਿਹਾ ਕਿ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਮੋਹਨ ਕੇ ਹਿਠਾੜ ਨੇ ਸੈਂਕੜੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਤਾਲੀਮ ਦੇਣ ਦੇ ਨਾਲ ਨਾਲ ਸ਼ਹੀਦ ਊਧਮ ਸਿੰਘ ਪ੍ਰਤੀ ਇਨਕਲਾਬੀ ਭਾਵਨਾ ਦਾ ਵੀ ਪ੍ਰਸਾਰ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਹਲਕਾ ਗੁਰੂਹਰਸਹਾਏ ਦੇ ਲੋਕਾਂ ਦੀਆਂ ਦਿਲੀ ਭਾਵਨਾਵਾਂ ਸ਼ਹੀਦ ਊਧਮ ਸਿੰਘ ਅਤੇ ਉਸ ਦੀ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਹਨ। ਜਿਸ ਦੇ ਉਤਸ਼ਾਹ ਵਜੋਂ ਹਰ ਸਾਲ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ 'ਤੇ ਸਮਾਗਮ ਕੀਤੇ ਜਾਂਦੇ ਹਨ। ਉਹਨਾਂ ਇਹ ਵੀ ਕਿਹਾ ਕਿ ਪਿੰਡ ਮੋਹਨ ਕੇ ਦੇ ਲੋਕਾਂ ਨੇ ਕਾਲਜ ਬਣਾਉਣ ਲਈ ਜਮੀਨ ਇਸ ਸ਼ਰਤ ਦੇ ਦਿੱਤੀ ਸੀ ਕਿ ਇਸ ਕਾਲਜ ਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ਪਰ ਹੀ ਰੱਖਿਆ ਜਾਵੇਗਾ।
ਆਗੂਆਂ ਨੇ ਅੱਗੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਸ਼ਹੀਦ ਦੇ ਨਾਮ ਦੇ ਸਿਰਫ਼ ਕਾਲਜ ਦਾ ਬੋਰਡ ਹੀ ਲਗਾਇਆ ਹੈ ਪਰ ਕਾਲਜ ਦੇ ਪ੍ਰਾਸਪੈਕਟ ਅਤੇ ਯੂਨੀਵਰਸਿਟੀ ਦੇ ਰਿਕਾਰਡ ਵਿਚ ਕਾਲਜ ਦਾ ਨਾਮ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ ਗੁਰੂਹਰਸਹਾਏ ਹੀ ਹੈ। ਜਿਹੜਾ ਕਿ ਇਲਾਕੇ ਦੇ ਲੋਕਾਂ ਨਾਲ ਧੋਖਾ ਹੈ ਅਤੇ ਇਲਾਕੇ ਦੇ ਵਿਦਿਆਰਥੀ ਅਤੇ ਲੋਕ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਵਿਦਿਆਰਥੀ ਅਤੇ ਨੌਜਵਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸੇ ਵਿੱਦਿਅਕ ਸੈਸ਼ਨ ਵਿਚ ਜਲਦੀ ਤੋਂ ਜਲਦੀ ਕਾਲਜ ਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ਪਰ ਨਾ ਰੱਖਿਆ ਗਿਆ ਤਾਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰੇਗੀ। ਇਸ ਮੌਕੇ ਉਹਨਾਂ ਨਾਲ ਸਰਬ ਭਾਰਤ ਨੋਜਵਾਨ ਸਭਾ ਦੇ ਜਿਲ•ਾ ਪ੍ਰਧਾਨ ਪਿਆਰਾ ਸਿੰਘ ਮੇਘਾ ਰਾਏ, ਦੀਪਕ ਵਧਾਵਨ, ਬਜਿੰਦਰ ਵਧਾਵਨ, ਵਿਕਟਰ ਵਿੱਕੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਿਲ•ਾ ਮੀਤ ਪ੍ਰਧਾਨ ਪਰਵਿੰਦਰ ਰਹਿਮੇਸ਼ਾਹ, ਸੁਰਜੀਤ ਸਿੰਘ ਮੇਘਾ, ਵੀਨਾ ਰਾਣੀ ਛਾਂਗਾ ਰਾਏ, ਗਗਨ ਘੁੱਲਾ ਆਦਿ ਆਗੂ ਵੀ ਹਾਜ਼ਰ ਸਨ।