ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿੱਚ ਬੀ. ਆਰਕੀਟੈਕਚਰ ਕੋਰਸ ਸ਼ੁਰੂ
ਫਿਰੋਜ਼ਪੁਰ 13 ਮਈ (ਏ. ਸੀ. ਚਾਵਲਾ) ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਅਤੇ ਸਰਹੱਦੀ ਖੇਤਰ ਦੇ ਲੋਕਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਸੰਸਥਾ ਵਿੱਚ 60 ਸੀਟਾਂ ਨਾਲ ਵਿੱਚ ਬੀ. ਆਰਕੀਟੈਕਚਰ ਕੋਰਸ ਇਸ ਵਿਦਿਅਕ ਵਰ•ੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੀ ਮੰਗ ਇਸ ਖੇਤਰ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਕੋਰਸ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਦੀ ਮੰਗ ਤੇ ਮਕੈਨੀਕਲ ਅਤੇ ਇਲੈਕਟਰੀਕਲ ਰੈਗੂਲਰ ਐਮ. ਟੈਕ. ਦੇ ਕੋਰਸ ਵੀ ਇਸ ਸਾਲ ਤੋਂ ਸ਼ੁਰੂ ਕੀਤੇ ਜਾ ਰਹੇ ਹਨ ਜਿਹਨਾਂ ਵਿੱਚ 18-18 ਸੀਟਾਂ ਲਈ ਪ੍ਰਵਾਨਗੀ ਦਿੱਤੀ ਗਈ ਹੈ। ਬੀ. ਆਰਕੀਟੈਕਚਰ ਦੇ ਕੋਰਸ ਦੀ ਸ਼ੁਰੂਆਤ ਨੂੰ ਇਸ ਸੰਸਥਾ ਦੀ ਅਹਿਮ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਕਿਉਂਕਿ ਇਸ ਕੋਰਸ ਵਾਸਤੇ ਵਿਦਿਆਰਥੀਆਂ ਨੂੰ ਬਹੁਤ ਦੂਰ ਦੁਰਾਡੇ ਜਾਣਾ ਪੈਂਦਾ ਸੀ। ਚੇਅਰਮੈਨ ਬੀਓਜੀ ਸ੍ਰੀ ਦਿਨੇਸ਼ ਲਾਕੜਾ ਨੇ ਸੰਸਥਾ ਦੇ ਸਟਾਫ, ਫੈਕਲਟੀ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਸੰਸਥਾ ਵਿਦਿਆਰਥੀਆਂ ਨੂੰ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਲਗਾਤਾਰ ਕਰ ਰਹੀ ਹੈ। ਇਸ ਕਰਕੇ ਜਲਦੀ ਹੀ ਸੰਸਥਾ ਨੂੰ ਅਕਾਦਮਿਕ ਖੁਦਮੁਖਤਿਆਰੀ ਵੀ ਮਿਲਣ ਜਾ ਰਹੀ ਹੈ।ਇਸ ਕਾਰਜ ਲਈ 19-20 ਮਈ ਨੂੰ ਯੂਜੀਸੀ ਤੋਂ ਮਾਹਿਰਾਂ ਦੀ ਇੱਕ ਟੀਮ ਇਸ ਸੰਸਥਾ ਵਿੱਚ ਦੌਰਾ ਕਰਨ ਆ ਰਹੀ ਹੈ ਅਤੇ ਐਨਬੀਏ ਵੱਲੋਂ ਪਹਿਲਾਂ ਹੀ ਇਸ ਸੰਸਥਾ ਦੇ ਪੰਜ ਕੋਰਸਾਂ ਮਕੈਨੀਕਲ, ਸੀਐਸਈ, ਈਸੀਈ, ਇਲੈਕਟਰੀਕਲ ਅਤੇ ਕੈਮੀਕਲ ਇੰਜੀ. ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ ਜੋ ਕਿ ਇਸ ਸੰਸਥਾ ਦੀ ਬਹੁਤ ਵੱਡੀ ਪ੍ਰਾਪਤੀ ਹੈ।