Ferozepur News

ਸਕੂਲ ਵਾਹਨਾਂ ਦੀ ਸੁਰੱਖਿਆ, ਬਲੈਕ ਸਪਾਟ ਥਾਵਾਂ ਦੀ ਪਛਾਣ ਤੇ ਆਵਾਜਾਈ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਦਿੱਤੀ ਜਾਵੇ ਤਵੱਜੋ : ਡੀ.ਸੀ.

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ

ਸਕੂਲ ਵਾਹਨਾਂ ਦੀ ਸੁਰੱਖਿਆ, ਬਲੈਕ ਸਪਾਟ ਥਾਵਾਂ ਦੀ ਪਛਾਣ ਤੇ ਆਵਾਜਾਈ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਦਿੱਤੀ ਜਾਵੇ ਤਵੱਜੋ : ਡੀ.ਸੀ.
ਸਕੂਲ ਵਾਹਨਾਂ ਦੀ ਸੁਰੱਖਿਆ, ਬਲੈਕ ਸਪਾਟ ਥਾਵਾਂ ਦੀ ਪਛਾਣ ਤੇ ਆਵਾਜਾਈ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਦਿੱਤੀ ਜਾਵੇ ਤਵੱਜੋ : ਡੀ.ਸੀ. ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ
ਫ਼ਿਰੋਜ਼ਪੁਰ, 17 ਜਨਵਰੀ 2025: ਸੜਕੀ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ, ਬਲੈਕ ਸਪਾਟ ਥਾਵਾਂ ਦੀ ਪਛਾਣ ਅਤੇ ਆਵਾਜਾਈ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕੌਮੀ ਸੜਕ ਸੁਰੱਖਿਆ ਮਹੀਨੇ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਸੜਕ ਸੁਰੱਖਿਆ ਮੁਹਿੰਮ ਤਹਿਤ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਲੋਕਾਂ ਨੂੰ ਸੜਕੀ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕਰਨ ਲਈ 1 ਜਨਵਰੀ ਤੋਂ 31 ਜਨਵਰੀ 2025 ਤੱਕ ਕੌਮੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਸਬੰਧਤ ਵਿਭਾਗਾਂ ਵੱਲੋਂ ਜਾਗਰੂਕਤਾ ਕੈਂਪ, ਡਰਾਈਵਰਾਂ ਲਈ ਮੁਫ਼ਤ ਚੈਕਅਪ ਕੈਂਪ, ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਪਾਲਨਾ ਨਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਪੁਲਿਸ ਅਤੇ ਆਰ.ਟੀ.ਏ ਵਿਭਾਗ ਨੂੰ ਅਣਅਧਿਕਾਰਿਤ ਪਾਰਕਿੰਗ, ਵੱਧ ਸਪੀਡ, ਓਵਰ ਲੋਡ ਵਾਹਨਾਂ ਦੀ ਚੈਕਿੰਗ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਬੱਸਾਂ ਵਿੱਚ ਔਰਤਾਂ ਦੀ ਸੁਰੱਖਿਆਂ ਲਈ ਸੇਫਟੀ ਬਟਨ ਯਕੀਨੀ ਬਣਾਇਆ ਜਾਵੇ ਅਤੇ ਬੱਸ ਅੱਡਿਆਂ ਵਿੱਚ ਹੈਲਪ ਡੈਸਕ ਲਗਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਟਰੈਫਿਕ ਪੁਲਿਸ, ਟਰਾਂਸਪੋਰਟ ਅਤੇ ਸਿੱਖਿਆ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ੋਰ ਦਿੱਤਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਰੋਜ਼ਾਨਾ ਸਕੂਲ ਜਾਂਦੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸਕੂਲ ਵਾਹਨ ਜ਼ਰੂਰੀ ਸੁਰੱਖਿਆ ਮਾਪਦੰਡਾਂ ਅਨੁਸਾਰ ਲੈਸ ਹੋਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸੜਕੀ ਦੁਰਘਟਨਾਵਾਂ ਖਾਸ ਕਰ ਕੇ ਧੁੰਦ ਵਾਲੇ ਸੀਜ਼ਨ ਦੌਰਾਨ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹੇ ਭਰ ’ਚ ਬਲੈਕ ਸਪਾਟ ਥਾਵਾਂ ਦੀ ਪਹਿਚਾਣ ਪਿੱਛੋਂ ਤੁਰੰਤ ਸਾਈਨੇਜ , ਰਿਫਲੈਕਟਰ ਤੇ ਲਾਈਟਾਂ ਲਾਈਆਂ ਜਾਣ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ । ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਟ੍ਰੈਫਿਕ ਪੁਲਿਸ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਹਿੱਤ ਈ-ਚਲਾਨ ਜਾਰੀ ਕਰਨ ਨੂੰ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ’ਚ ਅਵਾਜਾਈ ਦੀ ਸਥਿਤੀ ’ਚ ਸੁਧਾਰ ਹੋਣ ਦਾ ਜਾਇਜ਼ਾ ਲੈਣ ਲਈ ਨਿਯਮਤ ਤੌਰ ’ਤੇ ਮੀਟਿੰਗਾਂ ਕੀਤੀਆਂ ਜਾਣ। ਸੜਕ ਸੁਰੱਖਿਆ ਮਹੀਨਾ ਸਬੰਧੀ ਕੀਤੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਵਾਜਾਈ ਦੌਰਾਨ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਮੁਕੰਮਲ ਪਾਲਣਾ ਨਾਲ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਜਿਸ ਲਈ ਲੋਕਾਂ ਦਾ ਸਹਿਯੋਗ ਅਤੇ ਨਿਯਮਾਂ ਦੀ ਪਾਲਣਾ ਅਤਿ ਅਹਿਮ ਹੈ।
ਡਿਪਟੀ ਕਮਿਸ਼ਨਰ ਨੇ ਮੌਜੂਦ ਐਨ.ਜੀ.ਓਜ਼, ਪੁਲਿਸ ਅਤੇ ਆਰ.ਟੀ.ਓ ਨੂੰ ਸਕੂਲਾਂ, ਕਾਲਜਾਂ, ਬਾਜਾਰਾਂ ਅਤੇ ਜਨਤਕ ਥਾਵਾਂ ’ਤੇ ਸੜਕ ਸੁਰੱਖਿਆ ਸਬੰਧੀ ਰੈਲੀ ਅਤੇ ਸੈਮੀਨਾਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੋਟਰ ਵਹੀਕਲ ਐਕਟ ਦਾ ਜ਼ਮੀਨੀ ਪੱਧਰ ’ਤੇ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਲੱਗੇ ਘਾਹ-ਬੂਟੀ ਨੂੰ ਸਾਫ ਕਰਵਾਇਆ ਜਾਵੇ ਤਾਂ ਜੋ ਸੜਕ ’ਤੇ ਬਣੀ ਸਫੇਟ ਪੱਟੀ ਵਾਹਨ ਚਾਲਕਾਂ ਨੂੰ ਸਾਫ ਦਿਖਾਈ ਦੇਵੇ। ਉਨ੍ਹਾਂ ਕਿਹਾ ਕਿ ਹਰ ਵਾਹਨ ’ਤੇ ਰਿਫਲੈਕਟਰ ਲੱਗਾ ਹੋਣਾ ਜ਼ਰੂਰੀ ਹੈ ਕਿਉਂਕਿ ਵਾਹਨਾਂ ’ਤੇ ਰਿਫਲੈਕਟਰ ਨਾ ਹੋਣ ਕਾਰਨ ਹਨੇਰੇ ਅਤੇ ਧੁੰਦ ਵਿਚ ਹਾਦਸੇ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ’ਤੇ ਬਣੇ ਟੋਲ ਪਲਾਜ਼ਾ ’ਤੇ ਐਂਬੂਲੈਂਸ ਅਤੇ ਡਰਾਈਵਰ ਦੀ ਮੌਜੂਦਗੀ ਹਮੇਸ਼ਾ ਯਕੀਨੀ ਬਣਾਈ ਜਾਵੇ ਤਾਂ ਜੋ ਦੁਰਘਟਨਾ ਦੇ ਮੌਕੇ ਜਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾ ਸਕੇ। ਉਨ੍ਹਾਂ ਲਿੰਕ ਸੜਕਾਂ ਤੇ ਸਫੇਦ ਲਾਈਨਿੰਗ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਆਰ.ਟੀ.ਏ. ਡਾ. ਨਿਧੀ ਕੁਮੁਦ ਬੰਬਾਹ, ਐਸ.ਡੀ.ਐਮ. ਫ਼ਿਰੋਜ਼ਪੁਰ ਦਿਵਿਯਾ ਪੀ., ਡੀ.ਐਸ.ਪੀ. (ਐਚ) ਅਰੁਣ ਮੁੰਡਨ, ਡਿਪਟੀ ਡੀ.ਈ.ਓ. ਡਾ. ਸਤਿੰਦਰ ਸਿੰਘ, ਜੀ.ਐਮ. ਰੋਡਵੇਜ਼ ਅਮਿਤ ਅਰੋੜਾ, ਏ.ਟੀ.ਓ. ਰਾਕੇਸ਼ ਕੁਮਾਰ ਤੋਂ ਇਲਾਵਾ ਸਿਵਲ ਅਤੇ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਤੇ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button