ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲੇ: ਭਾਸ਼ਨ ਪ੍ਰਤੀਯੋਗਤਾ ਸ਼ੁਰੂ
ਪ੍ਰਤੀਯੋਗੀ 21 ਅਗਸਤ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ/ਪੋਰਟਲ ਤੇ ਅਪਲੋਡ ਕਰ ਸਕਦੇ ਹਨ
ਫ਼ਿਰੋਜ਼ਪੁਰ 17 ਅਗਸਤ– ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਚੌਥੀ ਪ੍ਰਤੀਯੋਗਤਾ ਭਾਸ਼ਨ ਮੁਕਾਬਲੇ ਦੀ ਸ਼ੁਰੂਆਤ ਹੋ ਗਈ ਹੈ । ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇੰਨ੍ਹਾਂ ਮੁਕਾਬਲਿਆਂ ਤਹਿਤ ਸ਼ਬਦ ਗਾਇਨ, ਗੀਤ ਗਾਇਨ ਤੇ ਕਵਿਤਾ ਉਚਾਰਨ ਪ੍ਰਤੀਯੋਗਤਾਵਾਂ ਹੋ ਚੁੱਕੀਆਂ ਹਨ, ਜਿੰਨ੍ਹਾਂ ‘ਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 74 ਹਜ਼ਾਰ ਤੋਂ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਉਨ੍ਹਾਂ ਸਬੰਧੀ ਗੀਤ ਤੇ ਕਵਿਤਾਵਾਂ ਦਾ ਉਚਾਰਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਫ਼ਿਰੋਜ਼ਪੁਰ ਸ਼੍ਰੀ ਰਾਜੀਵ ਛਾਬੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ, ਰੁਪਿੰਦਰ ਕੌਰ ਨੇ ਦੱਸਿਆ ਕਿ ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ ਇੰਨ੍ਹਾਂ ਸਕੂਲ ਪੱਧਰ ਦੇ ਭਾਸ਼ਨ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 21 ਅਗਸਤ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ‘ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ। 22 ਅਗਸਤ ਨੂੰ ਸਕੂਲ ਮੁਖੀ ਆਪੋ-ਆਪਣੇ ਸਕੂਲਾਂ ਦਾ ਨਤੀਜਾ/ਰਜਿਸਟ੍ਰੇਸ਼ਨ ਅਪਲੋਡ ਕਰਨਗੇ ਅਤੇ 23 ਅਗਸਤ ਨੂੰ ਸਟੇਟ ਤਕਨੀਕੀ ਟੀਮ ਵੀਡੀਓਜ਼ ਦੀ ਬਲਾਕ ਵਾਰ ਵੰਡ ਕਰੇਗੀ। ਸਾਰੇ ਵਰਗਾਂ ਦੇ ਪ੍ਰਤੀਯੋਗੀ 3 ਤੋਂ 5 ਮਿੰਟ ‘ਚ ਆਪਣਾ ਭਾਸ਼ਨ ਪੂਰਾ ਕਰਕੇ, ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਭਾਸ਼ਨ ਪੂਰੀ ਤਰ੍ਹਾਂ ਗੁਰ ਮਰਿਆਦਾ ਤੇ ਨਿਯਮਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਜੀਵਨ, ਸਿਧਾਂਤਾਂ, ਉਦੇਸ਼ਾਂ, ਉਸਤਤ ਤੇ ਕੁਰਬਾਨੀ ‘ਤੇ ਅਧਾਰਤ ਹੋਣਗੇ। ਭਾਸ਼ਨ ਪੜਕੇ ਨਹੀਂ ਬੋਲਿਆ ਜਾਵੇਗਾ। ਪ੍ਰਤੀਯੋਗੀ ਲਗਾਤਾਰ ਤੇ ਜ਼ੁਬਾਨੀ ਉਚਾਰਨ ਕਰੇਗਾ ਅਤੇ ਕੱਟ-ਕੱਟ ਕੇ ਵੀਡੀਓ ਨਹੀਂ ਬਣਾਈ ਜਾਵੇਗੀ। ਇਸ ਤੋਂ ਅੱਗੇ ਬਲਾਕ, ਜਿਲ੍ਹਾ ਤੇ ਰਾਜ ਪੱਧਰੀ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਹੋਵੇਗੀ। ਇਸ ਮੌਕੇ ਜਿਲ੍ਹਾ ਨੋਡਲ ਅਫਸਰ (ਐਲੀ.) ਰਜਿੰਦਰ ਸਿੰਘ ਰਾਜਾ, ਮਹਿੰਦਰ ਸਿੰਘ ਸ਼ੈਲੀ, ਸਰਬਜੀਤ ਸਿੰਘ ਭਾਵੜਾ, ਤਲਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਪਹਿਲੇ ਹੋਏ ਮੁਕਾਬਲਿਆਂ ਵਾਂਗ ਉਨ੍ਹਾਂ ਦੇ ਜਿਲ੍ਹੇ ਪ੍ਰਤੀਯੋਗੀ ਭਾਸ਼ਨ ਮੁਕਾਬਲੇ ‘ਚ ਵੱਧ ਚੜ੍ਹ ਕੇ ਹਿੱਸਾ ਲੈਣਗੇ।