Ferozepur News
ਵੱਖ-ਵੱਖ ਯੁਵਕ ਸੇਵਾਵਾਂ ਕਲੱਬਾਂ ਵੱਲੋਂ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਅਤੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਸਮਾਜ ਸਿਰਜਣ ਬਾਰੇ ਜਾਗਰੂਕ ਕਰਨਾ ਸਮੂਹ ਲੋਕ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਪਾਉਣ ਆਪਣਾ ਅਹਿਮ ਯੋਗਦਾਨ
ਫਿਰੋਜ਼ਪੁਰ 05 ਮਈ 2018 ( Pankaj Madan ) ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰ. ਗੁਰਕਰਨ ਸਿੰਘ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਦੀ ਅਗਵਾਈ ਹੇਠ ਵੱਖ-ਵੱਖ ਯੁਵਕ ਸੇਵਾਵਾਂ ਕਲੱਬਾਂ, ਕੌਮੀ ਸੇਵਾ ਯੋਜਨਾ ਯੂਨਿਟ ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਵੱਖ-ਵੱਖ ਪਿੰਡਾਂ/ਸਕੂਲਾਂ/ਕਾਲਜਾਂ/ਸਮਸ਼ਾਨਘਾਟਾਂ ਵਿੱਚ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।
ਸ੍ਰ. ਗੁਰਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਸ੍ਰ. ਵਿਕਰਮਜੀਤ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਪੋਜੋ ਕੇ ਉਤਾੜ ਅਤੇ ਸ੍ਰ. ਅੰਗਰੇਜ਼ ਸਿੰਘ ਵੱਲੋਂ ਐੱਮ.ਐੱਲ.ਐੱਮ ਸੀਨੀ. ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਅਤੇ ਪੈਰਾਡਾਈਜ਼ ਸੀਨੀਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਬੂਟੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਮਿਸ਼ਨ ਤੰਦਰੁਸ਼ਤ ਮਿਸ਼ਨ ਪੰਜਾਬ ਤਹਿਤ ਰਾਜਿੰਦਰ ਰਾਜਾ ਦਸਮੇਸ਼ ਯੁਵਕ ਸੇਵਾਵਾਂ ਕਲੱਬ ਫ਼ਿਰੋਜ਼ਸ਼ਾਹ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਫ਼ਿਰੋਜ਼ਸ਼ਾਹ ਵਿਖੇ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਟੁੱਥ ਪੇਸਟ, ਬ੍ਰਸ਼ ਵੀ ਵੰਡੇ ਗਏ। ਇਸ ਮੌਕੇ ਉਨ੍ਹਾਂ ਵੱਲੋਂ ਸਕੂਲ ਵਿੱਚ ਬੂਟੇ ਲਗਾਏ ਵੀ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਅਤੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਸਮਾਜ ਸਿਰਜਣ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਨ ਪ੍ਰਦੂਸ਼ਣ ਮਨੁੱਖ ਅਤੇ ਪਸ਼ੂ ਪੰਛੀਆਂ ਵਾਸਤੇ ਨੁਕਸਾਨ ਦੇਹ ਹੈ ਜਿਸ ਨਾਲ ਕਈ ਪ੍ਰਕਾਰ ਦੀਆ ਬਿਮਾਰੀਆਂ ਹੋ ਸਕਦੀਆਂ ਹਨ। ਅਸੀਂ ਰੁੱਖਾਂ ਨੂੰ ਕੱਟ ਰਹੇ ਹਾਂ ਜਿਸ ਨਾਲ ਕੁਦਰਤ ਦਾ ਸੰਤੁਲਨ ਵਿਗੜ ਰਿਹਾ ਹੈ ਅਤੇ ਸਾਨੂੰ ਕਈ ਪ੍ਰਕਾਰ ਦੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਨੂੰ ਸਮਰਪਿਤ ਵੱਧ ਤੋਂ ਵੱਧ ਪੌਦੇ ਲਾ ਕੇ ਉਨ੍ਹਾਂ ਦੀ ਸੰਭਾਲ ਕਰਨ ਤਾਂ ਜੋ ਵਾਤਾਵਰਨ ਵਿਚ ਸ਼ੁੱਧਤਾ ਲਿਆਂਦੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਅੱਜ ਪੂਰਾ ਵਿਸ਼ਵ ਚਿੰਤਤ ਹੈ ਕਿਉਂਕਿ ਇਸ ਦਾ ਪ੍ਰਭਾਵ ਸਿੱਧੇ ਅਤੇ ਅਸਿੱਧੇ ਰੂਪ ਨਾਲ ਹਰ ਦੇਸ਼ ਤੇ ਪੈ ਰਿਹਾ ਹੈ। ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ ਆਦਿ। ਪ੍ਰਦੂਸ਼ਣ ਕਾਰਨ ਮਨੁੱਖੀ ਜੀਵਨ ਸਮੇਤ ਹੋਰ ਕਈ ਪ੍ਰਜਾਤੀਆਂ ਨੂੰ ਵੱਡਾ ਖ਼ਤਰਾ ਹੋ ਗਿਆ ਹੈ ਪਰ ਵਾਤਾਵਰਨ ਵਿੱਚ ਪ੍ਰਦੂਸ਼ਣ ਵਧਣ ਲਈ ਸਿਰਫ਼ ਮਾਨਵ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਸਾਡੇ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਗੁਰਪ੍ਰੀਤ ਸਿੰਘ, ਗੁਰਜੀਵਨ ਸਿੰਘ, ਜਸਪਾਲ ਸਿੰਘ, ਦਵਿੰਦਰਨਾਥ ਅਤੇ ਮੈਡਮ ਰਮਾ ਖੰਨਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।