ਵਿਧਾਇਕ ਰਮਿੰਦਰ ਆਵਲਾ ਵੱਲੋਂ ਦੋ ਸਾਲ ਦੀ ਤਨਖਾਹ ਅਤੇ ਚਾਰ ਵੈਂਟੀਲੇਟਰ ਕੀਤੇ ਦਾਨ
ਆਮ ਲੋਕਾਂ ਨੂੰ ਕਰਫਿਊ ਦੇ ਨਿਯਮਾਂ ਦੀ ਪਾਲਨਾ ਕਰਨ ਦੀ ਕੀਤੀ ਅਪੀਲ
ਵਿਧਾਇਕ ਰਮਿੰਦਰ ਆਵਲਾ ਵੱਲੋਂ ਦੋ ਸਾਲ ਦੀ ਤਨਖਾਹ ਅਤੇ ਚਾਰ ਵੈਂਟੀਲੇਟਰ ਕੀਤੇ ਦਾਨ
ਆਮ ਲੋਕਾਂ ਨੂੰ ਕਰਫਿਊ ਦੇ ਨਿਯਮਾਂ ਦੀ ਪਾਲਨਾ ਕਰਨ ਦੀ ਕੀਤੀ ਅਪੀਲ
ਜਲਾਲਾਬਾਦ, 25 ਮਾਰਚ : ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਵੱਲੋਂ ਫੈਲੇ ਨਵਲ ਕਰੋਨਾ ਵਾਇਰਸ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਜਿੱਥੇ ਲਗਾਤਾਰ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਅੱਜ ਫਰਾਖ਼ਦਿਲੀ ਦਿਖਾਉਂਦਿਆਂ ਆਪਣੀ ਦੋ ਸਾਲ ਦੀ ਤਨਖਾਹ ਮੁੱਖ ਮੰਤਰੀ ਨਵਲ ਕਰੋਨਾ ਵਾਇਰਸ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਹੈ ।
ਇਸ ਦੇ ਨਾਲ ਹੀ ਉਨ੍ਹਾਂ ਆਪਣੇ ਵੱਲੋਂ ਨਿੱਜੀ ਤੌਰ ਤੇ ਚਾਰ ਵੈਂਟੀਲੇਟਰ ਦਾਨ ਕਰਨ ਦਾ ਐਲਾਨ ਕੀਤਾ ਹੈ ।
ਇਨ੍ਹਾਂ ਵਿੱਚੋਂ ਦੋ ਵੈਂਟੀਲੇਟਰ ਜਲਾਲਾਬਾਦ ਵਿਖੇ ਲਗਾਏ ਜਾਣਗੇ ਜਦਕਿ ਦੋ ਵੈਂਟੀਲੇਟਰ ਜ਼ਿਲ੍ਹਾ ਹੈੱਡ ਕੁਆਟਰ ਤੇ ਸਥਿਤ ਫ਼ਾਜ਼ਿਲਕਾ ਵਿਖੇ ਸਿਵਲ ਹਸਪਤਾਲ ਅੰਦਰ ਲੱਗਣਗੇ ।
ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਭਿਆਨਕ ਸਮੇਂ ਦਾ ਟਾਕਰਾ ਕਰਨ ਦੀ ਜ਼ਰੂਰਤ ਹੈ ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਜਨਤਾ ਕਰਫਿਊ ਤੋਂ ਲੈ ਕੇ ਹੁਣ ਤੱਕ ਜਲਾਲਾਬਾਦ ਦੇ ਲੋਕਾਂ ਨੇ ਪੂਰੇ ਜਾਬਤੇ ਅੰਦਰ ਰਹਿੰਦਿਆਂ ਸਰਕਾਰੀ ਆਦੇਸ਼ਾਂ ਦੀ ਪਾਲਨਾ ਕੀਤੀ ਜਾ ਰਹੀ ਹੈ ।
ਉਨ੍ਹਾਂ ਹਲਕੇ ਦੇ ਸਮੂਹ ਸਰਪੰਚਾਂ , ਨੰਬਰਦਾਰਾਂ ਅਤੇ ਹੋਰ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਆਮ ਲੋਕਾਂ ਨੂੰ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕਰਨ ।
ਅੱਧੇ – ਅੱਧੇ ਘੰਟੇ ਬਾਅਦ ਆਪਣੇ ਹੱਥ ਸਾਫ ਕਰਕੇ ਅਤੇ ਪੂਰੀ ਸਫ਼ਾਈ ਰੱਖਕੇ ਇਸ ਨਾਮੁਰਾਦ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਹਿਯੋਗ ਕਰਨ ।
ਰਮਿੰਦਰ ਆਵਲਾ ਨੇ ਕਿਹਾ ਕੇ ਸਾਨੂੰ ਸਾਰਿਆਂ ਨੂੰ ਜਨਤਕ ਪ੍ਰੋਗਰਾਮ ਰੱਦ ਕਰ ਦੇਣੇ ਚਾਹੀਦੇ ਹਨ ।
ਉਹ ਆਪਣੇ ਘਰ ਗੁਰੂ ਹਰਸਹਾਏ ਵਿਖੇ ਮੌਜੂਦ ਹਨ ਅਤੇ ਬਹੁਤ ਜ਼ਰੂਰੀ ਕੰਮ ਹੋਣ ਤੇ ਹੀ ਕੋਈ ਉਨ੍ਹਾਂ ਨੂੰ ਮਿਲੇ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੋਬਾਈਲ ਫੋਨ ਚੱਲ ਰਿਹਾ ਹੈ , ਕੋਈ ਵੀ ਵਿਅਕਤੀ ਕਿਸੇ ਵੀ ਕੰਮ ਲਈ ਉਨ੍ਹਾਂ ਦੇ ਫੋਨ ਉਪਰ ਸੰਪਰਕ ਕਰ ਸਕਦਾ ਹੈ ।
ਵਰਨਣਯੋਗ ਹੈ ਕਿ ਆਵਲਾ ਪਰਿਵਾਰ ਵੱਲੋਂ ਇਸ ਤੋਂ ਪਹਿਲਾਂ ਇੱਕ ਵੈਂਟੀਲੇਟਰ ਯੁਕਤ ਐਂਬੂਲੈਂਸ ਆਮ ਲੋਕਾਂ ਲਈ ਚਲਾਈ ਹੋਈ ਹੈ ।
ਇਹ ਐਂਬੂਲੈਂਸ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ਵੱਲ ਲੈ ਕੇ ਜਾਂਦੀ ਹੈ ।ਐੈਂਬੂਲੈਂਸ ਵੱਲੋਂ ਮਰੀਜ਼ਾਂ ਤੋਂ ਕਿਰਾਇਆ ਨਹੀਂ ਵਸੂਲ ਕੀਤਾ ਜਾਂਦਾ ਬਲਕਿ ਤੇਲ , ਪਾਇਲਟ ਅਤੇ ਵਿੱਚ ਮੌਜੂਦ ਸਟਾਫ ਦੀ ਤਨਖਾਹ ਦਾ ਪ੍ਰਬੰਧ ਵੀ ਆਵਲਾ ਪਰਿਵਾਰ ਦੀ ਸੁਖਬੀਰ ਐਨਰਜੀ ਇੰਡਸਟਰੀ ਵੱਲੋਂ ਕੀਤਾ ਜਾਂਦਾ ਹੈ ।
ਹਰ ਰੋਜ ਤਿਆਰ ਕੀਤਾ ਜਾਂਦਾ ਲੰਗਰ ਸਰਕਾਰੀ ਹਸਪਤਾਲ , ਤਹਿਸੀਲ ਕੰਪਲੈਕਸ , ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਸਥਾਨਾਂ ਤੇ ਵਰਤਾਇਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੀ ਭਾਵਨਾ ਉਨ੍ਹਾਂ ਨੂੰ ਗੁੜ੍ਹਤੀ ਵਿੱਚ ਆਪਣੇ ਸਵਰਗੀ ਪਿਤਾ ਡਾਕਟਰ ਹਰਭਜਨ ਸਿੰਘ ਆਵਲਾ ਤੋਂ ਮਿਲੀ ਹੈ ।
ਉਹਨਾਂ ਦੇ ਰਾਜਨੀਤਿਕ ਅਤੇ ਸਮਾਜਿਕ ਜੀਵਨ ਵਿੱਚ ਉਨ੍ਹਾਂ ਦੇ ਵੱਡੇ ਭਰਾ ਜਸਬੀਰ ਸਿੰਘ ਆਵਲਾ ਅਤੇ ਸੁਖਬੀਰ ਸਿੰਘ ਆਵਲਾ ਪੂਰਾ ਯੋਗਦਾਨ ਪਾਉਂਦੇ ਆ ਰਹੇ ਹਨ ।
ਵਿਧਾਇਕ ਰਮਿੰਦਰ ਆਵਲਾ ਦੇ ਇਸ ਉੱਦਮ ਦੀ ਚੁਫੇਰਿਓਂ ਪ੍ਰਸ਼ੰਸਾ ਹੋ ਰਹੀ ਹੈ ।