ਵਿਧਾਇਕ ਰਣਬੀਰ ਭੁੱਲਰ ਸਾਥੀਆਂ ਸਮੇਤ ਰਾਹਤ ਕਾਰਜਾਂ ਲਈ ਪਿੰਡ ਨਿਹਾਲਾ ਲਵੇਰਾ, ਧੀਰਾ ਘਾਰਾ ਵਿਚ ਡੱਟੇ
ਵਿਧਾਇਕ ਰਣਬੀਰ ਭੁੱਲਰ ਸਾਥੀਆਂ ਸਮੇਤ ਰਾਹਤ ਕਾਰਜਾਂ ਲਈ ਪਿੰਡ ਨਿਹਾਲਾ ਲਵੇਰਾ, ਧੀਰਾ ਘਾਰਾ ਵਿਚ ਡੱਟੇ
– ਪੰਜਾਬ ਸਰਕਾਰ ਨੇ ਫ਼ਿਰੋਜ਼ਪੁਰ ਨੂੰ 1.5 ਕਰੋੜ ਰੁਪਏ ਹੜ੍ਹ ਰਾਹਤ ਕਾਰਜਾਂ ਲਈ ਜਾਰੀ ਕੀਤੇ : ਭੁੱਲਰ
-ਲੋਕਾਂ ਦੀ ਸੁਰੱਖਿਆ ਹਰ ਹਾਲ ਯਕੀਨੀ ਬਣਾਈ ਜਾਵੇਗੀ
ਦਰਿਆ ਵਿਚਲੇ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਆਉਣ ਦੀ ਅਪੀਲ
ਫ਼ਿਰੋਜ਼ਪੁਰ, 12 ਜੁਲਾਈ 2023:
ਪੰਜਾਬ ਅਤੇ ਹਿਮਾਚਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋਈ ਭਾਰੀ ਬਰਸਾਤ ਕਾਰਨ ਬੀਤੇ ਦਿਨ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਦਰਿਆ ਸਤਲੁਜ ਦੇ ਪਾਣੀ ਦਾ ਪੱਧਰ ਕਾਫ਼ੀ ਵੱਧਣ ਨਾਲ ਦਰਿਆ ਦੀ ਮਾਰ ਹੇਠ ਆਏ ਪਿੰਡ ਰੁਕਨੇ ਵਾਲਾ, ਨਿਹਾਲਾ ਲਵੇਰਾ, ਬੰਡਾਲਾ, ਕਾਲੇ ਕੇ, ਜੱਲੋ ਕੇ, ਧੀਰਾ ਘਾਰਾ ਤੇ ਟੱਲੀ ਗਰਾਮ ਆਦਿ ਵਿਚੋਂ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਰਾਹਤ ਕੈਂਪਾਂ ਅਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਆਪਣੇ ਸਾਥੀਆਂ ਸਮੇਤ ਡਟੇ ਹੋਏ ਹਨ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਤੇ ਐਸ.ਐਸ.ਪੀ. ਸ. ਭੁਪਿੰਦਰ ਸਿੰਘ ਸਿੱਧੂ ਸਮੇਤ ਜ਼ਿਲ੍ਹਾ ਪ੍ਰਸ਼ਾਸਨ, ਫੌਜ, ਬੀ.ਐਸ.ਐਫ ਦੇ ਅਧਿਕਾਰੀ ਵੀ ਹਾਜ਼ਰ ਸਨ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਇਸ ਮੌਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਿਪਟਨ ਲਈ ਫ਼ਿਰੋਜ਼ਪੁਰ ਨੂੰ 1.5 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ, ਪ੍ਰਸ਼ਾਸਨ, ਫੌਜ ਤੇ ਬੀ.ਐਸ.ਐਫ਼. ਲਗਾਤਾਰ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਬੰਨਾਂ ਦੀ ਮਜ਼ਬੂਤੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਵੱਧਰ ‘ਤੇ ਪਿਛਲੇ ਤਿੰਨ ਦਿਨਾਂ ਤੋਂ ਕਾਰਜ ਆਰੰਭੇ ਗਏ ਹਨ ਅਤੇ ਲੋੜਵੰਦ ਲੋਕਾਂ ਲਈ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ ਉਨ੍ਹਾਂ ਨੂੰ ਖਾਣਾ, ਦਵਾਈਆਂ, ਪਸ਼ੂਆਂ ਦਾ ਚਾਰਾ, ਤਰਪਾਲਾਂ ਆਦਿ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਸਤਲੁਜ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਜਾਂ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੇਂਦਰਾਂ ਵਿਚ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਲੋਕ ਸਰਕਾਰ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਇਸ ਮੌਕੇ ਐਸ.ਡੀ.ਐਮ. ਸ. ਗਗਦੀਪ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਬਲਰਾਜ ਕਟੋਰਾ, ਸ੍ਰੀ ਗੁਰਜੀਤ ਸਿੰਘ ਚੀਮਾ, ਸ੍ਰੀ ਮਨਪ੍ਰੀਤ ਸਿੰਘ ਚੀਮਾ, ਸ੍ਰੀ ਪਿੱਪਲ ਸਿੰਘ ਬਲਾਕ ਪ੍ਰਧਾਨ, ਸ੍ਰੀ ਗੁਰਭੇਜ ਸਿੰਘ, ਸ੍ਰੀ ਅਮਰਿੰਦਰ ਸਿੰਘ ਤੋਂ ਇਲਾਵਾ ਆਪ ਵਰਕਰ ਹਾਜ਼ਰ ਸਨ।