Ferozepur News

ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜ਼ਿਲ੍ਹੇ ਦਾ ਕਿਸਾਨ ਵਿਕਰਮਜੀਤ ਸਿੰਘ ਨਿਭਾ ਰਿਹਾ ਅਹਿਮ ਭੂਮਿਕਾ – ਡਿਪਟੀ ਕਮਿਸ਼ਨਰ

ਪਰਾਲੀ ਤੋਂ ਖਾਦ ਤਿਆਰ ਕਰਨ ਲਈ ਜ਼ਿਲ੍ਹੇ ਦੇ ਕਿਸਾਨ ਵਿਕਰਮਜੀਤ ਸਿੰਘ ਨੇ ਬਣਾਈ ਕੰਪੋਸਟ ਪਿੱਟ

 ਹੋਰਾਂ ਕਿਸਾਨਾਂ ਨੂੰ ਵੀ ਨੂੰ ਕੰਪੋਸਟ ਪਿੱਟ ਤਿਆਰ ਕਰਨ ਦੀ ਕੀਤੀ ਅਪੀਲ

 ਫ਼ਿਰੋਜ਼ਪੁਰ 9 ਨਵੰਬਰ 2018 ( ) ਜ਼ਿਲ੍ਹੇ ਦੇ ਛੋਟੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਤੇ ਕੰਪੋਸਟ ਪਿੱਟਾਂ ਬਣਾ ਕੇ ਪਰਾਲੀ ਤੋਂ ਜੈਵਿਕ ਖਾਦ ਤਿਆਰ ਕਰਨ, ਵੱਲ ਆਪਣਾ ਰੁਝਾਨ ਵਧਾ ਰਹੇ ਹਨ। ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਹਿਤ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪਰਾਲੀ ਤੋਂ ਖਾਦ ਤਿਆਰ ਕਰਨ ਲਈ ਜ਼ਿਲ੍ਹੇ ਦਾ ਕਿਸਾਨ ਵਿਕਰਮਜੀਤ ਸਿੰਘ ਅਹਿਮ ਭੂਮਿਕਾ ਨਿਭਾ ਰਿਹਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ  ਮਗਨਰੇਗਾ  ਰਾਹੀਂ ਪਰਾਲੀ ਤੋਂ ਖਾਦ ਤਿਆਰ ਕਰਨ ਲਈ ਕਿਸਾਨਾਂ ਨੂੰ ਕੰਪੋਸਟ ਪਿੱਟ ਤਿਆਰ ਕਰਨ ਵਿੱਚ ਅਹਿਮ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਕਿਸਾਨ ਕੰਪੋਸਟ ਪਿੱਟ ਤਿਆਰ ਕਰਕੇ ਆਪਣੀ ਪਰਾਲੀ ਦਾ ਨਿਪਟਾਰਾ ਕਰ ਰਹੇ ਹਨ ਉਨ੍ਹਾਂ ਤੋਂ ਸੇਧ ਲਈ ਜਾਵੇ ਅਤੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖਾਦ ਤਿਆਰ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡ ਪੋਜੋ ਕੇ ਉਤਾੜ ਦੇ ਸਫਲ ਕਿਸਾਨ ਵਿਕਰਮਜੀਤ ਸਿੰਘ ਨੇ ਆਪਣੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਤੋਂ ਕੰਪੋਸਟ ਪਿੱਟ ਤਿਆਰ ਕਰਕੇ ਖਾਦ ਬਣਾਉਣ ਵਿੱਚ ਆਪਣੀ ਕਾਫ਼ੀ ਰੁਚੀ ਦਿਖਾਈ ਹੈ ਅਤੇ ਸਫਲ ਵੀ ਹੋਇਆ ਹੈ। ਇਸ ਤੋਂ ਇਲਾਵਾ ਕਿਸਾਨ ਵੱਲੋਂ ਆਪਣੇ ਪਿੰਡਾਂ ਵਿਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ. ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ। ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਕੰਪੋਸਟ ਪਿੱਟ ਤਿਆਰ ਕੀਤੀ ਹੈ ਅਤੇ ਪਰਾਲੀ ਦਾ ਪ੍ਰਬੰਧਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਪਰਾਲੀ ਤੋਂ ਖਾਦ ਤਿਆਰ ਹੋਵੇਗੀ ਜਿਸ ਨੂੰ ਖੇਤਾਂ ਵਿੱਚ ਪਾਇਆ ਜਾਵੇਗਾ ਅਤੇ ਫ਼ਸਲਾਂ ਦਾ ਵੱਧ ਝਾੜ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਇਲਾਕੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ ਜਾਂਦਾ ਹੈ।  ਉਨ੍ਹਾਂ ਦੱਸਿਆ ਕਿ ਪਰਾਲੀ ਤੋਂ ਤਿਆਰ ਹੋਣ ਵਾਲੀ ਖਾਦ ਫ਼ਸਲਾਂ ਅਤੇ ਜ਼ਮੀਨੀ ਸ਼ਕਤੀ ਲਈ ਕਾਫ਼ੀ ਲਾਹੇਵੰਦ ਹੁੰਦੀ ਹੈ। ਕੰਪੋਸਟ ਪਿੱਟ ਤਿਆਰ ਕਰਨ ਲਈ ਸਰਕਾਰ ਵੱਲੋਂ ਜ਼ਿਲ੍ਹੇ ਦੇ ਛੋਟੇ ਕਿਸਾਨਾਂ ਨੂੰ 15000 ਰੁਪਏ ਤੱਕ ਦੀ ਰਾਸ਼ੀ ਵੀ ਦਿੱਤੀ ਜਾਂਦੀ ਹੈ।  ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਕੰਪੋਸਟ ਪਿੱਟ ਤਿਆਰ ਕਰਕੇ ਪਰਾਲੀ ਤੋਂ ਖਾਦ ਤਿਆਰ ਕਰਨ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ।  

Related Articles

Back to top button