ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਜੇਈਈ ਦੀ ਪ੍ਰੀਖਿਆ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ
ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਜੇਈਈ ਦੀ ਪ੍ਰੀਖਿਆ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ
ਫਿਰੋਜ਼ਪੁਰ, 22-4-2025: ਇੰਜੀਨੀਅਰਿੰਗ ਅਤੇ ਤਕਨੀਕੀ ਕਾਲਜਾਂ ਵਿੱਚ ਦਾਖਲਾ ਲੈਣ ਲਈ ਪ੍ਰਮੁੱਖ ਮੁਕਾਬਲੇ ਦੀ ਪ੍ਰੀਖਿਆ ਜੇ ਈ ਈ ਵਿੱਚ ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ਸਫ਼ਲ ਰਹੇ । ਇਨ੍ਹਾਂ 189 ਵਿਦਿਆਰਥੀਆਂ ਵਿਚੋਂ 16 ਵਿਦਿਆਰਥੀ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਹਨ। ਇਹਨਾਂ ਵਿਚੋਂ ਸਕੂਲ ਦੇ ਵਿਦਿਆਰਥੀ ਅੰਸ਼ ਧਵਨ ਨੇ 86.46 ਪਰਸੈਂਨਟਾਈਲ ਤੇ ਲਵਪ੍ਰੀਤ ਸਿੰਘ ਨੇ 80.46 ਪਰਸੈਂਟਾਈਲ ਅੰਕ ਹਾਸਲ ਕਰਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਿਲੱਖਣ ਪ੍ਰਾਪਤੀ ਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਸ਼੍ਰੀਮਤੀ ਮਨੀਲਾ ਅਰੋੜਾ ਅਤੇ ਉਪ ਜਿਲਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਸੁਚੱਜੀ ਅਗਵਾਈ ਦੀ ਬਦੌਲਤ ਹੀ ਸੰਭਵ ਹੋਇਆ ਹੈ, ਉਹਨਾਂ ਕਿਹਾ ਕਿ ਇਹ ਜ਼ਿਲ੍ਹਾ ਫਿਰੋਜ਼ਪੁਰ ਲਈ ਮਾਣ ਵਾਲੀ ਗੱਲ ਹੈ ਤੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਲਈ ਇਹ ਪ੍ਰਾਪਤੀ ਪ੍ਰੇਰਨਾ ਸਰੋਤ ਦਾ ਕੰਮ ਕਰੇਗੀ ਅਤੇ ਅਗਲੇ ਵਿਦਿਅਕ ਸੈਸ਼ਨ ਵਿੱਚ ਹੋਰ ਵੀ ਵੱਧ ਵਿਦਿਆਰਥੀ ਅਜਿਹੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨਗੇ।
ਸਕੂਲ ਦੇ ਪ੍ਰਿੰਸੀਪਲ ਸ.ਚਮਕੌਰ ਸਿੰਘ ਸਰਾਂ ਜੀ ਨੇ ਇਸ ਮੁਕਾਬਲੇ ਦੇ ਇਮਤਿਹਾਨ ਨੂੰ ਪਾਸ ਕਰਨ ਤੇ ਇਹਨਾਂ ਹੋਣਹਾਰ ਵਿਦਿਆਰਥੀਆਂ ਤੇ ਮਿਹਨਤੀ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜੇਈਈ ਦੇ ਐਲਾਨੇ ਗਏ ਨਤੀਜੇ ਵਿੱਚ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਨੇ ਇਕ ਵਾਰ ਫਿਰ ਸਾਬਤ ਕੀਤਾ ਹੇ ਕਿ ਸਮਰਪਣ ਅਤੇ ਮਿਹਨਤ ਨਾਲ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਪੰਜਾਬ ਦੇ ਆਰਥਿਕਤਾ ਪੱਖੋਂ ਗਰੀਬ ਅਤੇ ਮਾਨਸਿਕ ਪੱਖੋਂ ਮਿਹਨਤੀ ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ। ਇਸ ਲਈ ਇਨ੍ਹਾਂ ਵਿਦਿਆਰਥੀਆਂ ਦੀ ਮੁਕਾਬਲੇ ਦੀ ਪ੍ਰੀਖਿਆ ਵਿੱਚ ਉਚਿਤ ਅਗਵਾਈ ਤੇ ਸਹੀ ਮਾਰਗਦਰਸ਼ਨ ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਉਚੇਰੀ ਸਿੱਖਿਆ ਲਈ ਰਾਹ ਦਸੇਰਾ ਬਣਨ ਵਿੱਚ ਇਹ ਸਕੂਲ ਹਮੇਸ਼ਾ ਲਈ ਵਚਨਬੱਧ ਰਹੇ ਹਨ ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ.ਚਮਕੌਰ ਸਿੰਘ ਸਰਾਂ ਤੋਂ ਇਲਾਵਾ ਸੀਨੀਅਰ ਮੈਡਮ ਸੁਕਰਤੀ ਸ਼ਰਮਾ (ਲੈਕਚਰਾਰ ਫਿਜ਼ਿਕਸ), ਮੈਡਮ ਗੁਰਪ੍ਰੀਤ ਕੌਰ (ਲੈਕਚਰਾਰ ਕਾਮਰਸ),ਗਿੰਨੀ ਬਾਂਸਲ (ਪ੍ਰਤੀਯੋਗੀ ਪ੍ਰੀਖਿਆਵਾਂ ਦੇ ਇੰਚਾਰਜ) ਅਤੇ ਸਮੂਹ ਸਟਾਫ ਹਾਜ਼ਰ ਰਿਹਾ।