ਮਿਸ਼ਨ ਫਤਿਹ ਤਹਿਤ ਆਂਗਣਵਾੜੀ ਵਰਕਰਾਂ ਨੇ ਕੋਰੋਨਾ ਵਾਇਰਸ ਤੋਂ ਬਚਾਓ ਲਈ ਸਾਵਧਾਨੀਆਂ ਬਾਰੇ ਘਰ ਘਰ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ
ਵੱਖਰ-ਵੱਖਰੇ ਤਰੀਕੇ ਦੇ ਪੋਸਟਰ/ਚਾਰਟ ਬਣਾ ਕੇ ਮਾਸਕ ਪਹਿਨਣ, ਸੋਸ਼ਲ ਡਿਸਟੈਂਸਿੰਗ, ਹੱਥ ਧੋਣ ਆਦਿ ਬਾਰੇ ਕੀਤਾ ਜਾ ਰਿਹਾ ਜਾਗਰੂਕ
ਫਿਰੋਜ਼ਪੁਰ 16 ਜੂਨ,2020 ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਬਚਾਓ ਪ੍ਰਤੀ ਜਾਗਰੂਕ ਕਰਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਹਦਾਇਤਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਜਿਸ ਦੇ ਮਕਸਦ ਨੂੰ ਪੂਰਾ ਕਰਨ ਲਈ ਆਂਗਣਵਾੜੀ ਵਰਕਰਾਂ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਵੱਲੋਂ ਵੱਖਰੇ-ਵੱਖਰੇ ਤਰ੍ਹਾਂ ਦੇ ਪੋਸਟਰ/ਚਾਰਟ ਬਣਾ ਕੇ ਲੋਕਾਂ ਨੂੰ ਮਾਸਕ ਪਹਿਨਣ, ਸੋਸ਼ਲ ਡਿਸਟੈਂਸਿੰਗ, ਹੱਥ ਧੋਣ, ਸਿਰਫ਼ ਲੋੜ ਅਨੁਸਾਰ ਹੀ ਘਰਾਂ ਤੋਂ ਬਾਹਰ ਨਿਕਲਣ ਆਦਿ ਸਾਵਧਾਨੀਆਂ ਬਾਰੇ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਪੰਚਾਇਤਾਂ ਅਤੇ ਸ਼ਹਿਰਾਂ ਦੇ ਵਾਰਡਾਂ ਨੂੰ ਕਵਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਵੱਲੋਂ ਲੋਕਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਅਜੇ ਤੱਕ ਕੋਈ ਵੀ ਦਵਾਈ ਨਹੀਂ ਬਣੀ ਸਿਰਫ਼ ਅਸੀਂ ਸਾਵਧਾਨੀਆਂ ਵਰਤ ਕੇ ਹਦਾਇਤਾਂ ਦੀ ਪਾਲਣਾ ਕਰਕੇ ਇਸ ਤੋਂ ਬਚ ਸਕਦੇ ਹਾਂ। ਆਂਗਣਵਾੜੀ ਵਰਕਰਾਂ ਨੇ ਲੋਕਾਂ ਨੂੰ ਘਰ ਘਰ ਜਾ ਕੇ ਇਹ ਵੀ ਅਪੀਲ ਕੀਤੀ ਕਿ ਉਹ ਖ਼ੁਦ ਵੀ ਸਾਵਧਾਨੀਆਂ ਵਰਤਣ ਅਤੇ ਕੋਰੋਨਾ ਦੀ ਰੋਕਥਾਮ ਲਈ ਜਾਗਰੂਕ ਹੋਣ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ।