ਮਮਦੋਟ ਸ਼ਹਿਰ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਹੱਲ ਕਰਨ ਵਿਚ ਨਗਰ ਪੰਚਾਇਤ ਨਕਾਮ |
* ਸਾਬਕਾ ਉੱਪ ਮੁੱਖ ਮੰਤਰੀ ਵੱਲੋਂ ਬਹੁ ਕਰੋੜੀ ਸੀਵਰੇਜ ਸਿਸਟਮ ਦਾ ਰੱਖਿਆ ਨੀਂਹ ਪੱਥਰ ਬਣਿਆ ਚਿੱਟਾ ਹਾਥੀ |
*ਨਗਰ ਪੰਚਾਇਤ ਵੱਲੋਂ ਅੱਜ ਵੀ ਠੇਕੇ ਤੇ ਜਮੀਨ ਲੈਕੇ ਸਾਰਿਆ ਜਾ ਰਿਹਾ ਹੈ ਬੁੱਤਾ |
* ਨਾਲ ਲੱਗਦੇ ਘਰਾਂ ਨੂੰ ਹੋਣਾ ਪੈ ਰਿਹਾ ਹੈ ਭਿਆਨਿਕ ਬਿਮਾਰੀਆਂ ਦਾ ਸ਼ਿਕਾਰ
ਮਮਦੋਟ , 25 ਮਾਰਚ (ਨਿਰਵੈਰ ਸਿੰਘ ਸਿੰਧੀ) :- ਲੰਘੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਮਦੋਟ ਕਸਬੇ ਦੇ ਲੋਕਾਂ ਨਾਲ ਮਜੂਦਾ ਐੱਮ ਐਲ ਏ ਮੈਡਮ ਸਤਿਕਾਰ ਕੌਰ ਗਹਿਰੀ ਨੇ ਇਲਾਕੇ ਦਾ ਬਹੁਪੱਖੀ ਵਿਕਾਸ ਕਰਨ ਦਾ ਭਰੋਸਾ ਦਿਵਾਇਆ ਸੀ ਪਰੰਤੂ ਸੱਤਾ ਵਿਚ ਆ ਕੇ ਕਸਬੇ ਦੀ ਚਿਰੋਕਣੀ ਮੰਗ ਅਤੇ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਹੱਲ ਨਹੀਂ ਕੀਤਾ ਗਿਆ , ਤਕਰੀਬਨ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਓਹਨਾ ਵੱਲੋਂ ਕੀਤੇ ਵਾਅਦੇ ਵਫਾ ਹੁੰਦੇ ਨਜਰ ਨਹੀਂ ਆ ਰਹੇ ਹਨ | ਇਥੇ ਦੱਸਣਾ ਬਣਦਾ ਹੈ ਕਿ ਪਿੱਛਲੀ ਅਕਾਲੀ- ਭਾਜਪਾ ਸਰਕਾਰ ਵੇਲੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋ ਉਚੇਚੇ ਤੋਰ ਤੇ 27 ਫਰਵਰੀ 2014 ਨੂੰ ਪਹੁੰਚ ਕੇ ਸ਼ਹਿਰ ਅੰਦਰ ਬਹੁ-ਕਰੋੜੀ ਸੀਵਰੇਜ ਪਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਮਮਦੋਟ ਵਾਸੀਆਂ ਨੂੰ ਓਦੋ ਵੀ ਨੀਂਹ ਪੱਥਰ ਇੱਕ ਚਿੱਟਾ ਹਾਥੀ ਸਾਬਿਤ ਹੋਇਆ ਹੈ | ਪਰੰਤੂ ਵਿਧਾਨ ਸਭਾ 2017 ਵਿਚ ਸਰਕਾਰ ਬਦਲਕੇ ਕਾਂਗਰਸ ਪਾਰਟੀ ਦੀ ਆ ਗਈ ਜਿਸਦੇ ਚਲਦਿਆਂ ਅਜੇ ਤੱਕ ਵੀ ਸੀਵਰੇਜ ਦਾ ਕੰਮ ਸ਼ੁਰੂ ਹੀ ਨਹੀਂ ਹੋ ਸਕਿਆ ਹੁਣ ਫਿਰ ਤੋਂ ਦੋ ਸਾਲ ਬਾਅਦ ਵੀ ਇਸ ਮਸਲੇ ਦਾ ਹੱਲ ਨਹੀਂ ਹੋਇਆ ਹੈ ਜਿਸਨੂੰ ਲੈਕੇ ਸਥਾਨਕ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਜੇਕਰ ਮੌਜੂਦਾ ਹਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੀ ਨਿਕਾਸੀ ਸ਼ਹਿਰ ਦੇ ਨਾਲ ਦੀ ਗੁਜਰਦੇ ਸੇਮਨਾਲੇ ਵਿਚ ਕੀਤੀ ਗਈ ਹੈ ਜੋ ਕਿ ਅੱਗੇ ਜਾਕੇ ਮਮਦੋਟ ਹਿਠਾੜ (ਸਾਹਨਕੇ ) ਵਿਖੇ ਬੰਦ ਹੋ ਜਾਂਦਾ ਹੈ ਅਤੇ ਸਾਰੇ ਸ਼ਹਿਰ ਦਾ ਗੰਦਾ ਪਾਣੀ ਓਥੇ ਹੀ ਖੜਾ ਰਹਿੰਦਾ ਹੈ ਅਤੇ ਨਾਲ ਲੱਗਦੇ ਘਰਾਂ ਦੇ ਲੋਕਾਂ ਨੂੰ ਗੰਦੇ ਪਾਣੀ ਕਰਕੇ ਪੈਦਾ ਹੋਣ ਵਾਲੇ ਖਤਰਨਾਕ ਮੱਛਰਾਂ ਆਦਿ ਤੋਂ ਭਿਆਨਿਕ ਬਿਮਾਰੀਆਂ ਲੱਗਣ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਹੈ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਗਰ ਪੰਚਾਇਤ ਮਮਦੋਟ ਵੱਲੋ ਨਾਲ ਲੱਗਦੀ ਜਮੀਨ ਪੰਚਾਇਤੀ ਜਮੀਨ ਦੇ ਵੱਟੇ ਵਿਚ ਠੇਕੇ ਤੇ ਲੈਕੇ ਪਾਣੀ ਦੀ ਨਿਕਾਸੀ ਦਾ ਆਰਜੀ ਹੱਲ ਕੀਤਾ ਹੋਇਆ ਹੈ | ਪਿੱਛਲੇ ਕਈ ਮਹੀਨਿਆਂ ਤੋਂ ਇਹ ਵੀ ਚਰਚਾ ਰਹੀ ਹੈ ਕਿ ਵੱਡੇ ਸਪੰਨ ਪਾਈਪ ਪਾ ਕੇ ਸਾਰਾ ਗੰਦਾ ਪਾਣੀ ਜੰਗਲਾਤ ਵਿਚ ਲਿਜਾ ਕੇ ਓਥੇ ਟ੍ਰੀਟਮੈਂਟ ਪਲਾਂਟ ਲਗਾ ਪਾਣੀ ਸਾਫ ਕਰਕੇ ਖੇਤਾਂ ਆਦਿ ਨੂੰ ਸਪਲਾਈ ਕੀਤਾ ਜਾਵੇਗਾ | ਇਸ ਮਸਲੇ ਨੂੰ ਲੈਕੇ ਸਥਾਨਕ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਸਰਕਾਰ ਕੋਲੋਂ ਅਤੇ ਹਲਕਾ ਫਿਰੋਜਪੁਰ ਦਿਹਾਤੀ ਦੀ ਵਿਧਾਇਕਾ ਮੈਡਮ ਸਤਿਕਾਰ ਕੌਰ ਗਹਿਰੀ ਅਤੇ ਪੰਜਾਬ ਸਰਕਾਰ ਕੋਲੋਂ ਪੁਰਜ਼ੋਰ ਮੰਗ ਹੈ ਕਿ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਵੇ ਤਾਂ ਜੋ ਬਾਰਸ਼ਾਂ ਦੇ ਮੌਸਮ ਵਿਚ ਆਉਂਦੀਆਂ ਮੁਸ਼ਕਿਲਾਂ ਤੋਂ ਹਮੇਸ਼ਾ ਲਈ ਨਿਜਾਤ ਪਾਈ ਜਾ ਸਕੇ | ਜਦੋ ਇਸ ਬਾਰੇ ਨਗਰ ਪੰਚਾਇਤ ਮਮਦੋਟ ਦੇ ਈ ਓ ਗੌਰਵ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਓਹਨਾ ਕਿਹਾ ਕਿ ਮੇਰੇ ਕੋਲ ਮਮਦੋਟ ਨਗਰ ਪੰਚਾਇਤ ਦਾ ਵਾਧੂ ਚਾਰਜ ਹੋਣ ਕਰਕੇ ਅਤੇ ਨਵੀਂ ਜੋਈਨਿੰਗ ਹੋਣ ਕਰਕੇ ਇਸ ਬਾਰੇ ਜਾਣਕਾਰੀ ਨਹੀਂ ਹੈ ਤੁਹਾਡੇ ਵੱਲੋਂ ਇਹ ਮਸਲਾ ਮੇਰੇ ਧਿਆਨ ਵਿਚ ਲਿਆਂਦਾ ਗਿਆ ਹੈ ਮੈ ਇਸ ਬਾਰੇ ਘੋਖ ਕਰਕੇ ਬਣਦੀ ਕਾਰਵਾਈ ਕਰਾਂਗਾ ਫਿਲਹਾਲ ਚੋਣਜਾਬਤਾ ਲੱਗਾ ਹੋਣ ਕਰਕੇ ਸਾਰੇ ਵਿਕਾਸ ਕੰਮਾਂ ਤੇ ਰੋਕ ਲੱਗੀ ਹੋਈ ਹੈ |