ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪਿੰਡਾਂ ‘ਚ ਨਿਯੁਕਤ ਹੋਣਗੇ ਕਿਸਾਨ ਮਿੱਤਰ
ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪਿੰਡਾਂ ‘ਚ ਨਿਯੁਕਤ ਹੋਣਗੇ ਕਿਸਾਨ ਮਿੱਤਰ
ਫ਼ਿਰੋਜ਼ਪੁਰ, 15 ਮਾਰਚ 2023:
ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ ਜਿਸ ਤਹਿਤ ਹਰ ਦੋ ਪਿੰਡਾਂ ਵਿੱਚ ਇੱਕ ਕਿਸਾਨ ਮਿੱਤਰ ਨਿਯੁਕਤ ਕੀਤਾ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਤੇਜਪਾਲ ਸਿੰਘ ਨੇ ਸਾਂਝੀ ਕੀਤੀ। ਡਾ. ਤੇਜਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਪਹਿਲਾਂ ਵੀ ਕਿਸਾਨਾਂ ਨੂੰ ਜਾਗਰੂਕ ਕਰਕੇ ਕਣਕ ਅਤੇ ਝੋਨੇ ਵਰਗੀਆਂ ਰਿਵਾਇਤੀ ਫਸਲਾਂ ਹੇਠੋਂ ਰਕਬਾ ਘੱਟ ਕਰਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰੇਕ ਪਿੰਡ ਵਿੱਚ ਕਿਸਾਨਾਂ ਨੂੰ ਫਸਲਾਂ ਦੀ ਕਾਸ਼ਤ ਸਬੰਧੀ ਸਿਖਲਾਈ ਦੇਣ ਲਈ ਕਿਸਾਨ ਮਿੱਤਰ ਮੌਜੂਦ ਰਹਿਣਗੇ ਜਿਸ ਤਹਿਤ ਜਿਲ੍ਹਾ ਫਿਰੋਜ਼ਪੁਰ ਦੇ ਦੋ-ਦੋ ਪਿੰਡਾਂ ਵਿੱਚ ਇੱਕ-ਇੱਕ ਕਿਸਾਨ ਮਿੱਤਰ ਭਰਤੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਿੱਤਰ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਘੱਟੋ-ਘੱਟ ਵਿਦਿਅਕ ਯੋਗਤਾ 10ਵੀਂ ਪਾਸ ਹੈ ਅਤੇ ਕਿਸਾਨ ਮਿੱਤਰ ਦੇ ਉਮੀਦਵਾਰ ਦੀ ਉਮਰ 45 ਸਾਲ ਤੋਂ 60 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਮਿੱਤਰ ਨੂੰ ਘੱਟੋ-ਘੱਟ ਤਿੰਨ ਸਾਲ ਬਾਸਮਤੀ ਦੀ ਕਾਸ਼ਤ ਕਰਨ ਦਾ ਤਜ਼ਰਬਾ ਹੋਣਾ ਚਾਹੀਦਾ ਹੈ।
ਮੁੱਖ ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਕਿਸਾਨ ਮਿੱਤਰ ਬਣਨ ਦੇ ਚਾਹਵਾਨ ਯੋਗ ਉਮੀਦਵਾਰ 18 ਮਾਰਚ ਤੱਕ ਆਪਣੇ ਬਲਾਕ ਖੇਤੀਬਾੜੀ ਅਫਸਰ ਨੂੰ ਦਰਖਾਸਤ ਦੇ ਸਕਦੇ ਹਨ ਜਿਸ ਦੇ ਬਾਅਦ ਉਨ੍ਹਾਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਬਾਸਮਤੀ ਦੀ ਕਾਸ਼ਤ ਸਬੰਧੀ ਜਾਣਕਾਰੀ ਦੇਣ ਲਈ ਪਿੰਡਾਂ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਸੂਚਨਾਂ ਬੋਰਡ ਵੀ ਲਗਾਏ ਜਾਣਗੇ ਜਿਸ ਵਿੱਚ ਮੌਸਮੀ ਫਸਲਾਂ ਸਬੰਧੀ ਐਡਵਾਈਜ਼ਰੀ ਲਿਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਕਿਸਾਨ ਨੇੜਲੇ ਖੇਤੀਬਾੜੀ ਦਫਤਰਾਂ ਵਿੱਚ ਸੰਪਰਕ ਕਰ ਸਕਦੇ ਹਨ।