ਬਾਗਾਂ ‘ਚ ਚਿੱਟੀ ਮੱਖੀ ਦੀ ਰੋਕਥਾਮ ਲਈ ਫਰੂਟ ਫਲਾਈ ਟਰੈਪ ਦੀ ਵਰਤੋਂ ਕਰੋ – ਡਾ. ਬਲਕਾਰ ਸਿੰਘ
ਬਾਗਾਂ ‘ਚ ਚਿੱਟੀ ਮੱਖੀ ਦੀ ਰੋਕਥਾਮ ਲਈ ਫਰੂਟ ਫਲਾਈ ਟਰੈਪ ਦੀ ਵਰਤੋਂ ਕਰੋ – ਡਾ. ਬਲਕਾਰ ਸਿੰਘ
ਫ਼ਿਰੋਜ਼ਪੁਰ, 7 ਜੁਲਾਈ 2023: ਫ਼ਲ ਦੀ ਮੱਖੀ ਬਾਗਾਂ ਵਿੱਚ ਬਹੁਤ ਜਿਆਦਾ ਨੁਕਸਾਨ ਕਰਦੀ ਹੈ। ਇਸ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੂਧਿਆਣਾ ਵੱਲੋਂ ਫਰੂਟ ਫਲਾਈ ਟਰੈਪ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਬਾਗਾਂ ਵਿੱਚ ਇਸ ਨੂੰ ਲਗਾਉਣ ਦਾ ਸਮਾਂ ਬਹੁਤ ਅਹਿਮੀਅਤ ਰੱਖਦਾ ਹੈ। ਇਸ ਲਈ ਇਸ ਦੀ ਵਰਤੋਂ ਕਰਕੇ ਜਿਆਦਾ ਫਾਇਦਾ ਲੈਣ ਲਈ ਇਹਨਾਂ ਨੂੰ ਸਹੀ ਸਮੇਂ ਤੇ ਬਾਗਾ ਵਿੱਚ ਲਗਾਉਣਾ ਚਾਹੀਦਾ ਹੈ । ਇਹ ਜਾਣਕਾਰੀ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਬਲਕਾਰ ਨੇ ਦਿੱਤੀ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬੇਰ ਦੇ ਬਾਗ ਵਿੱਚ ਫਰਵਰੀ ਦੇ ਪਹਿਲੇ ਹਫਤੇ, ਅਲੂਚਾ ਲਈ ਅਪ੍ਰੈਲ ਦੇ ਦੂਸਰੇ ਹਫਤੇ, ਆੜੂ ਲਈ ਮਈ ਦੇ ਪਹਿਲੇ ਹਫਤੇ, ਅੰਬ ਲਈ ਮਈ ਦੇ ਤੀਜ਼ੇ ਹਫਤੇ, ਨਾਸ਼ਪਾਤੀ ਲਈ ਜੂਨ ਦੇ ਪਹਿਲੇ ਹਫਤੇ, ਅਮਰੂਦ ਲਈ ਜੁਲਾਈ ਦੇ ਪਹਿਲੇ ਹਫਤੇ ਅਤੇ ਕਿੰਨੂ ਦੇ ਬਾਗ ਲਈ ਅਗਸਤ ਦੇ ਦੂਜੇ ਹਫਤੇ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਟਰੈਪ ਲਗਾਉਣ ਸਮੇਂ ਧਿਆਨ ਰੱਖਿਆ ਜਾਵੇਂ ਕਿ ਟਰੈਪ ਦੀ ਲਿਫਾਫੇ ਵਾਲੀ ਪੈਂਕਿੰਗ ਨੂੰ ਬਾਗ ਵਿੱਚ ਜਾ ਕੇ ਉਸ ਸਮੇਂ ਖੋਲੋ ਜਦੋਂ ਟਰੈਪ ਬੂਟਿਆਂ ਨਾਲ ਟੰਗਣੇ ਹੋਣ। ਟਰੈਪ ਸ਼ਿਫਾਰਸ਼ ਕੀਤੇ ਸਮੇਂ ਤੇ ਹੀ ਲਗਾਉਣ ਨਾਲ ਮੱਖੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜਦੋ ਟਰੈਪ ਮਰੀਆਂ ਹੋਇਆਂ ਮੱਖੀਆਂ ਨਾਲ 75 ਪ੍ਰਤੀਸ਼ਤ ਭਰ ਜਾਣ ਤੇ ਟਰੈਪ ਨੂੰ ਖਾਲੀ ਕਰ ਲਉ। ਬਾਗਾ ਵਿੱਚ ਹਮੇਸ਼ਾ ਸਫਾਈ ਦਾ ਧਿਆਨ ਰੱਖੋ ਅਤੇ ਕਾਂਣੇ ਫਲਾ ਨੂੰ ਦੋ ਫੂੱਟ ਡੂੰਘੇ ਦਬਾ ਦੇਣਾ ਚਾਹੀਦਾ ਹੈ। ਫਲ ਦੀ ਮੱਖੀ ਪੱਕ ਰਹੇ ਫਲਾ ਤੇ ਹੀ ਹਮਲਾ ਕਰਦੀ ਹੈ ਅਤੇ ਫੁੱਲ ਅਵਸਥਾ ਤੇ ਨੁਕਸਾਨ ਨਹੀਂ ਕਰਦੀ।
ਬਾਗਬਾਨਾਂ ਦੇ ਪੈਸੇ ਅਤੇ ਸਮੇਂ ਦੀ ਬਰਬਾਦੀ ਤੋ ਬਚੱਣ ਲਈ ਟਰੈਪ ਸਿਰਫ ਫੱਲ ਅਵਸਥਾ ਤੇ ਸਿਫਾਰਸ਼ ਕੀਤੇ ਸਮੇਂ ‘ਤੇ ਹੀ ਲਗਾਏ ਜਾਣ ਕਿਉੱਕਿ ਫੁੱਲਾਂ ‘ਤੇ ਆਉਣ ਵਾਲੀ ਮੱਖੀ ਸਿਰਫਿਡ ਮੱਖੀ ਹੁੰਦੀ ਹੈ ਜੋ ਕਿ ਨੁਕਸਾਨ ਨਹੀ ਕਰਦੀ। ਜੇਕਰ ਬਾਗਾਂ ਵਿੱਚ ਵੇਲਾ ਵਾਲੀਆਂ ਸ਼ਬਜ਼ੀਆਂ ਦੀ ਕਾਸ਼ਤ ਕੀਤੀ ਹੈ ਤਾਂ ਟਰੈਪ ਦਾ ਅਸਰ ਘੱਟ ਹੁੰਦਾ ਹੈ ਇਸ ਲਈ ਸ਼ਬਜ਼ੀਆਂ ਲਗਾਉਣ ਤੋ ਗੁਰੇਜ਼ ਕੀਤਾ ਜਾਵੇਂ। ਫਲਾਂ ਦੀ ਤੁੜਾਈ ਪੂਰੀ ਹੋਣ ਤੱਕ ਟਰੈਪ ਨੂੰ ਬਾਗਾ ਵਿੱਚ ਟੰਗੀ ਰਖੱਣਾ ਚਾਹੀਦਾ ਹੈ। ਟਰੈਪ ਨੂੰ ਬੂਟਿਆਂ ਤੇ ਉਸ ਥਾਂ ਤੇ ਟੰਗੋ ਜਿਥੇ ਵਧੇਰੇ ਛਾਂ ਹੋਵੇ। ਬਾਗਾਂ ਵਿੱਚ ਜੇਕਰ ਟਰੈਪ ਦੀ ਮੱਖੀ ਨੂੰ ਖਿੱਚਣ ਦੀ ਸੱਮਰਥਾ ਘੱਟ ਹੋਵੇ ਤਾਂ ਟਰੈਪ ਵਿੱਚ ਖੁਸ਼ਬੂ ਦੀ ਟਿੱਕੀ (ਪਲਾਈਵੂਡ ਸੈਪਟਾ) ਨਵਾਂ ਲਗਾਉਣ ਨਾਲ ਵਧੇਰੇ ਕੰਟਰੋਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਟਰੈਪ ਫਲ ਵਿਗਿਆਨ ਪੀ.ਏ.ਯੂ ਲੁਧਿਆਣਾ ਵਿਖੇ ਉਪਲੱਬਧ ਹਨ ਅਤੇ ਇਕ ਟਰੈਪ ਦਾ ਮੁੱਲ 118 ਰੁਪਏ ਅਤੇ ਸੈਪਟਾ 80 ਰੁਪਏ ਵਿੱਚ ਖਰੀਦਿਆਂ ਜਾ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਾਗਬਾਨੀ ਵਿਭਾਗ ਫਿਰੋਜ਼ਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।