ਫਿਰੋਜ਼ਪੁਰ ਵਿੱਚ ਪਹਿਲੀ ਵਾਰ ਡਿਪਟੀ ਕਮਿਸ਼ਨਰ ਵੱਲੋਂ ਰਾਹਗਿਰੀ 2020 ਦਾ ਆਯੋਜਨ
ਫਿਰੋਜ਼ਪੁਰ ਵਿੱਚ ਪਹਿਲੀ ਵਾਰ ਡਿਪਟੀ ਕਮਿਸ਼ਨਰ ਵੱਲੋਂ ਰਾਹਗਿਰੀ 2020 ਦਾ ਆਯੋਜਨ
ਫਿਰੋਜ਼ਪੁਰ 11 ਜਨਵਰੀ 2020 ( ) ਸਰਹੱਦੀ ਜ਼ਿਲ੍ਹੇ ਵਿੱਚ ਪਹਿਲੀ ਵਾਰ ਲੋਕਾਂ ਨੂੰ ਮਨੋਰੰਜਨ ਦਾ ਨਵਾਂ ਸਾਧਨ ਤੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਉਜਾਗਰ ਕਰਨ ਦੇ ਮਹੱਤਵ ਨਾਲ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਅਨੋਖੀ ਪਹਿਲ ਕਰਦਿਆਂ ਸਾਰਾਗੜ੍ਹੀ ਰੋਡ ਤੇ ਰਾਹਗਿਰੀ 2020 ਸ਼ੁਰੂ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਅਨੇਕਾਂ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਦਾ ਸਮਾਂ ਬੰਨ੍ਹਿਆ ਅਤੇ ਸਰਹੱਦੀ ਜ਼ਿਲ੍ਹੇ ਦੇ ਲੋਕਾਂ ਦੇ ਸਾਹਮਣੇ ਇੱਕ ਨਵੀਂ ਚੀਜ਼ ਪੇਸ਼ ਕੀਤੀ, ਜਿਸ ਨੂੰ ਦੇਖਦਿਆਂ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਖੂਬ ਤਾਰੀਫ਼ ਕੀਤੀ। ਇਸ ਮੌਕੇ ਐੱਸ.ਡੀ.ਐੱਮ. ਅਮਿਤ ਗੁਪਤਾ, ਡੀ.ਸੀ.ਐੱਮ. ਗਰੁੱਪ ਆਫ਼ ਸਕੂਲ ਦੇ ਸੀਈਓ ਅਨਿਰੁਧ ਗੁਪਤਾ, ਰੈੱਡ ਕਰਾਸ ਸਕੱਤਰ ਅਸ਼ੋਕ ਬਹਿਲ, ਡਾ. ਕਮਲ ਬਾਗੀ ਵਿਸ਼ੇਸ਼ ਤੌਰ ਤੇ ਪਹੁੰਚੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਇਸ ਨਿਵੇਕਲੇ ਉਪਰਾਲੇ ਦਾ ਉਦਘਾਟਨ ਕਰਨ ਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਰਾਹਗਿਰੀ 2020 ਈਵੈਂਟ ਵਿੱਚ ਹੋਣ ਵਾਲੀਆਂ ਵਿਭਿੰਨ ਪ੍ਰਤੀਯੋਗਤਾਵਾਂ ਅਤੇ ਪ੍ਰੋਗਰਾਮਾਂ ਵਿੱਚ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਦਾਸ ਐਂਡ ਬ੍ਰਾਊਨ ਵਰਲਡ ਸਕੂਲ, ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ, ਦੂਨ ਜੂਨੀਅਰ ਸਕੂਲ, ਸ਼ਾਂਤੀ ਵਿੱਦਿਆ ਮੰਦਰ, ਡੀ.ਈ.ਵੀ. ਗਰਲਜ਼ ਸਕੂਲ, ਐੱਮ.ਐੱਲ.ਐੱਮ. ਸੀਨੀਅਰ ਸੈਕੰਡਰੀ ਸਕੂਲ ਸਮੇਤ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ ਜਿਨ੍ਹਾਂ ਵੱਲੋਂ ਕੱਪ ਤੇ ਬੈਲੂਨ ਵਰਗੀਆਂ ਖੇਡਾਂ ਦੇ ਇਲਾਵਾ ਦੇਸ਼ ਭਗਤੀ ਦੇ ਗੀਤ, ਦੇਸ਼ ਦੀ ਇੱਕਜੁੱਟਤਾ ਵਿੱਚ ਪਰੋਏ ਰੱਖਣ ਦਾ ਸੰਦੇਸ਼ ਦਿੰਦੀਆਂ ਝਾਕੀਆਂ, ਪੰਜਾਬੀ ਵਿਰਾਸਤ ਤੇ ਮਕਰ ਸੰਕ੍ਰਾਂਤੀ, ਲੋਹੜੀ, ਬਸੰਤ, ਤਰਿੰਝਣ, ਪੰਜਾਬੀ ਸੱਭਿਆਚਾਰ, ਯੋਗਾ, ਸਵੱਛ ਭਾਰਤ ਵਰਗੇ ਵਿਸ਼ਿਆਂ ਤੇ ਝਾਕੀਆਂ ਤੋਂ ਇਲਾਵਾ ਮੇਰਾ ਰੰਗ ਦੇ ਬਸੰਤੀ ਚੋਲਾ, ਐ ਮੇਰੇ ਵਤਨ ਕੇ ਲੋਕੋ, ਹੈ ਪ੍ਰੀਤ ਯਹਾਂ ਕੀ ਰੀਤ ਸਦਾ, ਹੇ ਵਤਨ, ਚੱਕ ਦੇ ਇੰਡੀਆ, ਗਰੁੱਪ ਗੀਤ, ਮੈਂ ਫੈਨ ਭਗਤ ਸਿੰਘ ਦਾ ਵਰਗੇ ਗੀਤਾਂ ਨੂੰ ਸੰਗੀਤ ਦੇ ਮਾਧਿਅਮ ਨਾਲ ਗਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਤੇ ਇਹ ਪਹਿਲਾ ਈਵੈਂਟ ਹੈ, ਜਿਸ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਆਨ ਰੋਡ ਆਪਣੀ ਪੱਿਤਭਾ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੋਈ ਵੀ ਇਸ ਵਿੱਚ ਹਿੱਸਾ ਲੈ ਕੇ ਇਸ ਨੂੰ ਦੇਖ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿਦਿਆਰਥੀਆਂ ਵਿੱਚ ਟੈਲੇਂਟ ਦੀ ਕਮੀ ਨਹੀਂ ਹੈ ਅਤੇ ਅੱਜ ਉਨ੍ਹਾਂ ਨੇ ਜੋ ਵਿਦਿਆਰਥੀਆਂ ਵਿੱਚ ਪ੍ਰਤਿਭਾ ਦੇਖੀ ਹੈ, ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਪ੍ਰੋਗਰਾਮ ਅੱਗੇ ਵੀ ਚੱਲਦਾ ਰਹਿਣਾ ਚਾਹੀਦਾ ਤਾਂ ਜੋ ਇੱਥੋਂ ਦੇ ਵਿਦਿਆਰਥੀ ਵਿਸ਼ਵ ਪੱਧਰ ਤੱਕ ਵੀ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਈਵੈਂਟ ਵਿੱਚ ਡੀਸੀਐੱਮ ਗਰੁੱਪ ਦਾ ਖ਼ਾਸ ਯੋਗਦਾਨ ਰਿਹਾ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ।
ਉਨ੍ਹਾਂ ਕਿਹਾ ਕਿ ਲੋਹੜੀ ਤੇ ਸਜਾਈ ਝਾਕੀ ਵਿੱਚ ਦਾਸ ਐਂਡ ਬ੍ਰਾਊਨ ਸਕੂਲ ਦੇ ਵਿਦਿਆਰਥੀਆਂ ਨੇ ਜਦ ਉਨ੍ਹਾਂ ਨੂੰ ਲੋਹੜੀ ਦਾ ਗੀਤ ਸੁੰਦਰ ਮੁੰਦਰੀਆਂ ਸੁਣਾਇਆ ਤੇ ਪੰਜਾਬੀ ਬੋਲੀ ਤੋਂ ਇਲਾਵਾ ਪੰਜਾਬ ਦੇ ਮਹੱਤਵ ਦੇ ਬਾਰੇ ਵਿੱਚ ਦੱਸਿਆ ਤਾਂ ਉਨ੍ਹਾਂ ਨੂੰ ਕਾਫੀ ਖ਼ੁਸ਼ੀ ਪ੍ਰਾਪਤ ਹੋਈ ਤੇ ਉਨ੍ਹਾਂ ਬੱਚਿਆਂ ਦੀ ਇਸ ਪ੍ਰਤਿਭਾ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਲੋਹੜੀ ਦੀ ਵਧਾਈ ਦੇ ਰੂਪ ਵਿੱਚ ਰਾਸ਼ੀ ਵੀ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਪ੍ਰੋਗਰਾਮਾਂ ਰਾਹੀਂ ਬੱਚਿਆਂ ਵਿੱਚ ਅੱਗੇ ਵਧਣ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਐੱਸ.ਡੀ.ਐੱਮ. ਅਮਿਤ ਗੁਪਤਾ, ਅਨੀਰੁੱਧ ਗੁਪਤਾ ਤੇ ਦੇ ਨਾਲ ਵਿਭਿੰਨ ਸਟਾਲਾਂ ਤੇ ਜਾ ਕੇ ਜੋ ਫਨ ਗੇਮਾਂ ਖੇਡੀਆਂ ਗਈਆਂ ਉਸ ਨਾਲ ਮੈਨੂੰ ਕਾਫੀ ਖ਼ੁਸ਼ੀ ਪ੍ਰਾਪਤ ਹੋਈ ਹੈ। ਉਨ੍ਹਾਂ ਇਸ ਈਵੈਂਟ ਵਿੱਚ ਡੀਸੀਐਮ ਗਰੁੱਪ ਆਫ਼ ਸਕੂਲ ਵੱਲੋਂ ਸਹਿਯੋਗ ਦੀ ਵੀ ਕਾਫੀ ਪ੍ਰਸ਼ੰਸਾ ਕੀਤੀ।
ਲੰਗਰ ਸੇਵਾ ਫਿਰੋਜ਼ਪੁਰ ਵੱਲੋਂ ਹਾਜ਼ਰ ਪ੍ਰਤੀਭਾਗੀਆਂ ਤੇ ਸਾਰੇ ਬੱਚਿਆਂ ਨੂੰ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਇਸ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਲੰਗਰ ਸੇਵਾ ਦੇ ਨੁਮਾਇੰਦੇ ਸ਼ੈਲੇਂਦਰ, ਮਯੰਕ ਫਾਊਂਡੇਸ਼ਨ ਦੇ ਦੀਪਕ ਸ਼ਰਮਾ, ਵਿਪੁਲ ਨਾਰੰਗ, ਰਾਹੁਲ ਕੱਕੜ, ਅਭਿਸ਼ੇਕ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਇਹੋ ਜਿਹਾ ਈਵੈਂਟ ਦੇਖਿਆ ਹੈ, ਜਿਸ ਵਿੱਚ ਇੱਕ ਜਗ੍ਹਾ ਤੇ ਵਿਦਿਆਰਥੀ ਵੀ ਮਨੋਰੰਜਨ ਕਰ ਸਕਦੇ ਹਨ ਅਤੇ ਖੇਡਾਂ ਦੇ ਮਾਧਿਅਮ ਤੋਂ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਸ਼ੁਰੂ ਤੋਂ ਹੀ ਜ਼ਿਲ੍ਹੇ ਵਿੱਚ ਨਵੇਂ-ਨਵੇਂ ਪ੍ਰਕੱਲਪ ਚਲਾ ਕੇ ਲੋਕਾਂ ਨੂੰ ਨਵੇਂ ਪ੍ਰੋਗਰਾਮਾਂ ਵਿੱਚ ਹਿੱਸਾ ਦਿਵਾਉਂਦੇ ਹਨ ਜੋ ਕਿ ਕਾਫੀ ਪ੍ਰਸੰਸਾਜਨਕ ਹੈ।