ਫਿਰੋਜ਼ਪੁਰ ਵਿਖੇ ਦੋ ਰੋਜ਼ਾ ਰਾਜ ਪੱਧਰੀ ਬਸੰਤ ਮੇਲਾ ਯਾਦਗਾਰੀ ਹੋ ਨਿਬੜਿਆ
ਮੁੱਖ ਮਹਿਮਾਨ ਵਜੋਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਪਤੰਗਬਾਜ਼ੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਦੇ ਕੇ ਕੀਤਾ ਸਨਮਾਨਿਤ
ਫਿਰੋਜ਼ਪੁਰ ਵਿਖੇ ਦੋ ਰੋਜ਼ਾ ਰਾਜ ਪੱਧਰੀ ਬਸੰਤ ਮੇਲਾ ਯਾਦਗਾਰੀ ਹੋ ਨਿਬੜਿਆ
ਮੁੱਖ ਮਹਿਮਾਨ ਵਜੋਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਪਤੰਗਬਾਜ਼ੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਦੇ ਕੇ ਕੀਤਾ ਸਨਮਾਨਿਤ
ਵਿਧਾਇਕ ਰਜਨੀਸ਼ ਦਹੀਆ, ਰਣਬੀਰ ਭੁੱਲਰ, ਫੌਜਾ ਸਿੰਘ ਸਰਾਰੀ ਨੇ ਵੀ ਵਿਸ਼ੇਸ਼ ਤੌਰ ‘ਤੇ ਕੀਤੀ ਸ਼ਿਰਕਤ
ਪੰਜਾਬੀ ਲੋਕ ਗਾਇਕ ਜਸਬੀਰ ਜੱਸੀ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਕੀਤਾ ਮਨੋਰੰਜਨ
ਫਿਰੋਜ਼ਪੁਰ 11 ਫਰਵਰੀ 2024
ਫਿਰੋਜ਼ਪੁਰ ਦੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਰਾਜ ਪੱਧਰੀ ਬਸੰਤ ਮੇਲਾ ਯਾਦਗਾਰੀ ਹੋ ਨਿੱਬੜਿਆ! ਇਸ ਦੌਰਾਨ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਪਤੰਗਬਾਜ਼ੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਆ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ ਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਤੰਗਬਾਜ਼ੀ ਮੁਕਾਬਲਿਆਂ ਦੇ ਜੇਤੂਆਂ ਅਤੇ ਜ਼ਿਲਾ ਵਾਸੀਆਂ ਨੂੰ ਇਸ ਰਾਜ ਪੱਧਰੀ ਬਸੰਤ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਫਿਰੋਜ਼ਪੁਰ ਦਾ ਬਸੰਤ ਪੂਰੇ ਵਿਸ਼ਵ ਵਿੱਚ ਮਸ਼ਹੂਰ ਹੈ ਤੇ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਦੇ ਨੌਜਵਾਨਾਂ ਦੀ ਰੁਚੀ ਨੂੰ ਦੇਖਦਿਆਂ ਅਤੇ ਪਤੰਗਬਾਜੀ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜ਼ਿਲਾ ਫਿਰੋਜ਼ਪੁਰ ਵਿੱਚ ਇਹ ਨਿਵੇਕਲੀ ਪਹਿਲ ਕਦਮੀ ਕੀਤੀ ਗਈ ਹੈ। ਉਨਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਅਤੇ ਫਿਰੋਜ਼ਪੁਰ ਦਾ ਨਾਮ ਪੂਰੀ ਦੁਨੀਆਂ ਵਿੱਚ ਜਾਣਿਆ ਜਾਵੇਗਾ ਕਿਉਂਕਿ ਰਾਜ ਪੱਧਰੀ ਬਸੰਤ ਮੇਲੇ ਵਿੱਚ ਫਿਰੋਜ਼ਪੁਰ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਦੇ ਨੌਜਵਾਨਾਂ ਨੇ ਭਾਗ ਲੈ ਕੇ ਆਪਣੀ ਪਤੰਗਬਾਜ਼ੀ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਫਿਰੋਜ਼ਪੁਰ ਵਿੱਚ ਸੈਰ ਸਪਾਟੇ ਨੂੰ ਵਧਾਵਾ ਦੇਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ। ਇਸੇ ਮੰਤਵ ਲਈ ਪਹਿਲੀ ਵਾਰ ਪੰਜਾਬ ਸਰਕਾਰ ਵਲੋਂ ਫਿਰੋਜ਼ਪੁਰ ਵਿਖੇ ਬਸੰਤ ਪੰਚਮੀ ਦਾ ਰਾਜ ਪੱਧਰੀ ਸਮਾਗਮ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਹੁਣ ਹਰ ਪੱਖੋ ਅੱਗੇ ਆ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਪ੍ਰਸਾਸ਼ਨ ਨੂੰ ਇਸ ਲਈ ਵਧਾਈ ਦਾ ਪਾਤਰ ਦੱਸਿਆ।
ਇਸ ਮੌਕੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਆ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਭੁੱਲਰ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸਫ਼ਲ ਬਸੰਤ ਮੇਲੇ ਦੀ ਵਧਾਈ ਦਿੱਤੀ। ਉਨ੍ਹਾਂ ਵਲੋਂ ਇਸ ਰਾਜ ਪੱਧਰੀ ਬਸੰਤ ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਅਧਿਕਾਰੀਆਂ, ਕਰਮਚਾਰੀਆਂ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਮੁੱਖ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ ਅਤੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਕਿਹਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਮਿਸ. ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਇਸ ਮੇਲੇ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਫੁੱਲਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਮੇਲੇ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਹੋਰ ਪੰਜਾਬੀ ਲੋਕ ਗਾਇਕਾਂ ਵਲੋਂ ਆਪਣੇ ਸ੍ਰੋਤਿਆਂ ਦਾ ਮੰਨੋਰਜਨ ਕੀਤਾ ਗਿਆ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਭੰਗੜਾ,ਲੋਕ ਨਾਚ ਅਤੇ ਸਪੈਸ਼ਲ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਆਦਿ ਦੀ ਪੇਸ਼ਕਾਰੀ ਕੀਤੀ ਗਈ। ਜਿਸ ਦਾ ਸਮੂਹ ਹਾਜ਼ਰੀਨ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਦੇ ਹੌਸਲਾ ਅਫ਼ਜਾਈ ਕੀਤੀ ਗਈ ਅਤੇ ਮੁੱਖ ਮਹਿਮਾਨਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਇਨਾਮੀ ਰਾਸ਼ੀ ਵੀ ਦਿੱਤੀ ਗਈ। ਫਿਰੋਜ਼ਪੁਰ ਦੇ ਕਲਾਕਾਰ ਸਲੀਮ ਨੇ ਵੀ ਰਸ਼ਕੇ ਕਮਰ ਨਾਲ ਹਾਜ਼ਰ ਸਰੋਤਿਆਂ ਦਾ ਮਨ ਮੋਹਿਆ। ਇਸ ਮੌਕੇ ਲੋਕ ਗਾਇਕ ਪ੍ਰਗਟ ਗਿੱਲ, ਗਿੱਲ ਗੁਲਾਮੀ ਵਾਲਾ ਵਲੋਂ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ ਜਦਕਿ ਰਵੀਇੰਦਰ ਸਿੰਘ ਤੇ ਹਰਿੰਦਰ ਭੁੱਲਰ ਸਮੇਤ ਵੱਡੀ ਗਿਣਤੀ ਵਿੱਚ ਕਲਾਕਾਰਾਂ ਨੇ ਵੀ ਸਟੇਜ ਤੇ ਆਪਣੀ ਹਾਜ਼ਰੀ ਲਵਾਈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸ਼੍ਰੀ ਮਲਕੀਤ ਸਿੰਘ ਥਿੰਦ, ਜ਼ਿਲਾ ਪੁਲਿਸ ਮੁਖੀ ਸੋਮਿਆ ਮਿਸ਼ਰਾ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਐਸ.ਪੀ. (ਡੀ) ਰਣਧੀਰ ਕੁਮਾਰ, ਸਹਾਇਕ ਕਮਿਸ਼ਨਰ ਸੂਰਜ ਕੁਮਾਰ, ਡੀ.ਡੀ.ਪੀ.ਓ. ਜਸਵੰਤ ਸਿੰਘ ਬੜੈਚ, ਸਕੱਤਰ ਰੈਡ ਕਰਾਸ ਅਸ਼ੋਕ ਬਹਿਲ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓਜ਼. ਦੇ ਨੁਮਾਇੰਦੇ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।