ਪੱਤਰਕਾਰ ਗੁਰਦਰਸ਼ਨ ਸੰਧੂ 'ਤੇ ਦਰਜ ਪਰਚਾ ਲੋਕਤੰਤਰ ਦੇ ਚੌਥੇ ਥੰਮ 'ਤੇ ਹਮਲਾ
ਫਿਰੋਜ਼ਪੁਰ 30 ਅਕਤੂਬਰ 2019 : ਬੀਤੇ ਕੱਲ ਥਾਣਾ ਸਿਟੀ ਫ਼ਰੀਦਕੋਟ ਦੀ ਪੁਲੀਸ ਵੱਲੋਂ ਪੱਤਰਕਾਰ ਗੁਰਦਰਸ਼ਨ ਸਿੰਘ ਸੰਧੂ 'ਤੇ ਦਰਜ ਕੀਤੇ ਗਏ ਪਰਚੇ ਨੂੰ ਲੈ ਕੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਜ਼ੋਰਦਾਰ ਖੰਡਨ ਕੀਤਾ ਗਿਆ ਹੈ ਅਤੇ ਇਸ ਨੂੰ ਚੌਥੇ ਥੰਮ ਤੇ ਹਮਲਾ ਕਰਾਰ ਦਿੱਤਾ।
ਅੱਜ ਇੱਥੇ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈੱਸ ਕਲੱਬ ਦੇ ਚੇਅਰਮੈਨ ਹਰਚਰਨ ਸਿੰਘ ਸਾਮਾ ਦੀ ਪ੍ਰਧਾਨਗੀ ਹੇਠ ਪੱਤਰਕਾਰ ਭਾਈਚਾਰੇ ਦੀ ਹੰਗਾਮੀ ਮੀਟਿੰਗ ਹੋਈ । ਮੀਟਿੰਗ ਵਿੱਚ ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਸੰਧੂ 'ਤੇ ਫਰੀਦਕੋਟ ਤੇ ਬਿਮਲ ਗਰਗ ਹਸਪਤਾਲ ਦੀ ਤਰਫੋਂ ਥਾਣਾ ਸਿਟੀ ਫ਼ਰੀਦਕੋਟ ਦੀ ਪੁਲਿਸ ਵੱਲੋਂ ਦਰਜ ਕੀਤੇ ਗਏ ਬਲੈਕਮੇਲਿੰਗ ਦੇ ਪਰਚੇ ਨੂੰ ਕੋਰਾ ਝੂਠਾ ਅਤੇ ਸਾਜਿਸ਼ ਕਰਾਰ ਦਿੰਦਿਆਂ ਦਬਾਅ ਹੇਠ ਦਰਜ ਕੀਤਾ ਗਿਆ ਪਰਚਾ ਕਰਾਰ ਦਿੱਤਾ ਹੈ । ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਗੁਰਨਾਮ ਸਿੱਧੂ ਨੇ ਕਿਹਾ ਕਿ ਉਕਤ ਹਸਪਤਾਲ ਦੀ ਇੱਕ ਵੀਡੀਓ ਪ੍ਰੈੱਸ ਕਲੱਬ ਵਿੱਚ ਪਹੁੰਚ ਚੁੱਕੀ ਹੈ, ਜਿਸ ਵਿੱਚ ਹਸਪਤਾਲ 'ਚ ਸ਼ਰੇਆਮ ਮੋਟੇ ਪੈਸੇ ਲੈ ਕੇ "ਲਿੰਗ ਨਿਧਾਰਤ ਟੈਸਟ" ਕੀਤਾ ਜਾ ਰਿਹਾ ਹੈ ,ਜਿਸ 'ਤੇ ਆਪਣੇ ਬਚਾਅ ਲਈ ਉਕਤ ਹਸਪਤਾਲ ਨੇ ਮਿਲੀ ਭੁਗਤ ਕਰਕੇ ਅਜਿਹਾ ਮਾਮਲਾ ਦਰਜ ਕਰਵਾ ਦਿੱਤਾ ਹੈ ਤਾਂ ਜੋ ਉਨ੍ਹਾਂ ਨੂੰ ਨੁਕਸਾਨ ਨਾ ਹੋ ਸਕੇ । ਪੀੜਤ ਗੁਰਦਰਸ਼ਨ ਸਿੰਘ ਸੰਧੂ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਦੇ ਪੱਤਰਕਾਰੀ ਸਫਰ ਵਿੱਚ ਇੱਕ ਵੀ ਅਜਿਹੀ ਹਰਕਤ ਨਹੀਂ ਕੀਤੀ ਉਹ ਨਿਰਦੋਸ਼ ਹਨ ਅਤੇ ਉਨ੍ਹਾਂ ਦੇ ਵਿਰੁੱਧ ਦਰਜ ਮੁਕੱਦਮਾ ਸੋਚੀ ਸਮਝੀ ਸਾਜਿਸ਼ ਹੈ ਜੋ ਕੁਝ ਦਿਨਾਂ ਵਿੱਚ ਕਲੀਅਰ ਹੋ ਜਾਵੇਗੀ। ਸਮੂਹ ਪ੍ਰੈੱਸ ਕਲੱਬ ਫਿਰੋਜ਼ਪੁਰ ਨੇ ਇਕਮੁੱਠ ਹੁੰਦਿਆਂ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਦੀ ਪੂਰਨ ਜਾਂਚ ਕੀਤੀ ਜਾਵੇ ਅਤੇ ਦਰਜ ਪਰਚਾ ਰੱਦ ਕੀਤਾ ਜਾਵੇ। ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਜਲਦ ਹਾਈ ਅਥਾਰਟੀ ਨੂੰ ਮਿਲਾਗੇ ਅਤੇ ਸੀਬੀਆਈ ਜਾਂਚ ਦੀ ਮੰਗ ਕਰਾਂਗੇ। ਪੱਤਰਕਾਰ ਭਾਈਚਾਰੇ ਨੇ ਕਿਹਾ ਹੈ ਕਿ ਅਗਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਾ ਕੀਤਾ ਗਿਆ ਤਾਂ ਤਕੜਾ ਸੰਘਰਸ਼ ਕੀਤਾ ਜਾਵੇਗਾ ਅਤੇ ਸਭ ਦੇ ਪਰਦੇਫਾਸ਼ ਕੀਤੇ ਜਾਣਗੇ। ਮੀਟਿੰਗ ਵਿੱਚ ਅਨਿਰੁੱਧ ਗੁਪਤਾ, ਜਸਵਿੰਦਰ ਸਿੰਘ ਸੰਧੂ, ਮਨਦੀਪ ਕੁਮਾਰ, ਸਨੀ ਚੋਪੜਾ, ਗੌਰਵ ਮਾਨਕ' ਅਨਿਲ ਸ਼ਰਮਾ ,ਕੁਲਬੀਰ ਸਿੰਘ ਸੋਢੀ, ਜਗਦੀਸ਼ ਕੁਮਾਰ, ਤਰੁਣ ਜੈਨ ,ਵਿਜੈ ਕੱਕੜ ,ਬੌਬੀ ਮਹਿਤਾ ਰਾਜੇਸ਼ ਕਟਾਰੀਆ, ਬੌਬੀ ਖੁਰਾਣਾ, ਹਰੀਸ਼ ਮੋਗਾ, ਸੁੱਖ ਗਰੇਜਾਂ, ਮਨੋਹਰ ਲਾਲ, ਰਾਕੇਸ਼ ਕਪੂਰ, ਏ ਸੀ ਚਾਵਲਾ , ਵਿਨੈ ਹਾਂਡਾ, ਨਾਰਾਇਨ ਧਾਮੀਜ਼ਾ ਆਦਿ ਪੱਤਰਕਾਰ ਹਾਜ਼ਰ ਸਨ।
Photo courtesy Daily Hunt