Ferozepur News
ਪੱਕੇ ਇਰਾਦੇ ਅਤੇ ਢੁੱਕਵੀਂ ਡਾਕਟਰੀ ਸਹਾਇਤਾ ਨਾਲ ਨਸ਼ੇ ਦੀ ਗ੍ਰਿਫਤ ‘ਚੋਂ ਬਾਹਰ ਆਇਆ ਜਾ ਸਕਦਾ ਹੈ- ਸਿਵਲ ਸਰਜਨ
ਕਿਹਾ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਲਈ ਜਾਵੇ
ਪੱਕੇ ਇਰਾਦੇ ਅਤੇ ਢੁੱਕਵੀਂ ਡਾਕਟਰੀ ਸਹਾਇਤਾ ਨਾਲ ਨਸ਼ੇ ਦੀ ਗ੍ਰਿਫਤ ‘ਚੋਂ ਬਾਹਰ ਆਇਆ ਜਾ ਸਕਦਾ ਹੈ- ਸਿਵਲ ਸਰਜਨ
ਕਿਹਾ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਲਈ ਜਾਵੇ
ਫ਼ਿਰੋਜ਼ਪੁਰ 3 ਸਤੰਬਰ, 2022: ਨਸ਼ਾ ਵਿਨਾਸ਼ ਦਾ ਦਰਵਾਜ਼ਾ ਹੈ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀ ਦੀ ਬਰਬਾਦੀ ਨਿਸ਼ਚਿਤ ਹੈ। ਪ੍ਰੰਤੂ ਕੋਈ ਵੀ ਵਿਅਕਤੀ ਆਪਣੇ ਪੱਕੇ ਇਰਾਦੇ ਅਤੇ ਢੁੱਕਵੀਂ ਡਾਕਟਰੀ ਸਹਾਇਤਾ ਨਾਲ ਨਸ਼ੇ ਦੀ ਗ੍ਰਿਫਤ ਵਿਚੋਂ ਬਾਹਰ ਆ ਸਕਦਾ ਹੈ।ਇਹ ਪ੍ਰਗਟਾਵਾ ਫ਼ਿਰੋਜ਼ਪੁਰ ਦੇ ਕਾਰਜਕਾਰੀ ਸਿਵਲ ਸਰਜਨ ਡਾ.ਰਜਿੰਦਰ ਮਨਚੰਦਾ ਨੇ ਜ਼ਿਲ੍ਹੇ ਦੇ ਵੱਖ-ਵੱਖ ਨਸ਼ਾ ਛੁਡਾਊ ਪ੍ਰੋਗਰਾਮ ਕੇਂਦਰਾਂ ਦੇ ਨਿਰੀਖਣ ਮੌਕੇ ਕੀਤਾ।
ਸਿਵਲ ਸਰਜਨ ਡਾ. ਮਨਚੰਦਾ ਜੋ ਕਿ ਜ਼ਿਲ੍ਹੇ ਅੰਦਰ ਨਸ਼ਾ ਛੁਡਾਊ ਪ੍ਰੋਗਰਾਮ ਦੇ ਨੋਡਲ ਅਫ਼ਸਰ ਵੀ ਹਨ, ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹਾ ਹਸਪਤਾਲ ਵਿਖੇ ਸਥਿਤ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ਾ ਛੱਡਣ ਵਾਲਿਆਂ ਨੂੰ ਮੁਫਤ ਡਾਕਟਰੀ ਸਲਾਹ ਕਾਉਂਸਲਿੰਗ ਅਤੇ ਦਵਾਈਆਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ ਵਿਖੇ ਖੋਲ੍ਹੇ ਗਏ ਓਟ ਸੈਂਟਰਾਂ ਵਿਖੇ ਵੀ ਨਸ਼ਾ ਛੁਡਾਉਣ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ।
ਡਾ.ਮਨਚੰਦਾ ਵੱਲੋਂ ਬੀਤੇ ਰੋਜ਼ ਦਿਓੜਾ ਡੀ- ਅਡਿਕਸ਼ਨ ਸੈਂਟਰ, ਪੰਥ ਖ਼ਾਲਸਾ ਨਸ਼ਾ ਛਡਾਊ ਕੇਂਦਰ ਪਿੰਡ ਚੰਦੜ, ਮੁਦਕੀ ਨੇੜੇ ਸਟਾਰ ਡੀ-ਐਡੀਕਸ਼ਨ ਸੈਂਟਰ ਅਤੇ ਸੁਖਮਨੀ ਹਸਪਤਾਲ ਫਿਰੋਜ਼ਪੁਰ ਆਦਿ ਸੰਸਥਾਵਾਂ ਦਾ ਨਿਰੀਖਣ ਕੀਤਾ ਗਿਆ ਤੇ ਇਸ ਮੌਕੇ ਇਨ੍ਹਾਂ ਸੰਸਥਾਵਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕੇਂਦਰਾਂ ਵੱਲੋਂ ਮਰੀਜ਼ਾਂ ਨੂੰ ਘੱਟ ਤੋਂ ਘੱਟ ਦਵਾਈ ਦੀ ਵਰਤੋਂ ਕਰਕੇ ਅਤੇ ਸੁਚੱਜੀ ਕਾਊਂਸਲਿੰਗ ਰਾਹੀਂ ਨਸ਼ਾ ਛੁਡਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਆਮ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਲਈ ਜਾਵੇ ਅਤੇ ਡਾਕਟਰ ਦੁਆਰਾ ਨਿਰਧਾਰਿਤ ਡੋਜ਼ ਤੋਂ ਵੱਧ ਖਾਧੀ ਦਵਾਈ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ। ਉਨ੍ਹਾਂ ਸਮੂਹ ਦਵਾਈ ਵਿਕਰੇਤਾਵਾਂ ਨੂੰ ਵੀ ਇਹ ਚਿਤਾਵਨੀ ਦਿੱਤੀ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਵੀ ਦਵਾਈ ਕਿਸੇ ਵੀ ਵਿਅਕਤੀ ਨੂੰ ਨਾ ਵੇਚੀ ਜਾਵੇ।