ਪੰਜਾਬ ਦੇ ਗਵਰਨਰ ਸਰਹੱਦੀ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਦੇ ਹੋਏ ਰੂਬਰੂ
ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਖਿਲਾਫ ਜਨਭਾਗੀਦਾਰੀ ਦਾ ਦਿੱਤਾ ਸੱਦਾ
ਪੰਜਾਬ ਦੇ ਗਵਰਨਰ ਸਰਹੱਦੀ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਦੇ ਹੋਏ ਰੂਬਰੂ
ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਖਿਲਾਫ ਜਨਭਾਗੀਦਾਰੀ ਦਾ ਦਿੱਤਾ ਸੱਦਾ
ਫਿਰੋਜ਼ਪੁਰ, 13 ਸਤੰਬਰ, 2022:
ਪੰਜਾਬ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਰੱਹਦ ਪਾਰਲੇ ਮੁਲਕ ਵੱਲੋਂ ਭਾਰਤ ਨੂੰ ਅਸ਼ਾਂਤ ਕਰਨ ਦੇ ਇਰਾਦੇ ਨਾਲ ਦੇਸ਼ ਵਿਚ ਹਥਿਆਰਾਂ ਤੇ ਨਸਿ਼ਆਂ ਦੀ ਤਸਕਰੀ ਕਰਨ ਦੀਆਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਨੂੰ ਅਸੀਂ ਜਨ ਭਾਗੀਦਾਰੀ ਅਤੇ ਸਾਰੀਆਂ ਸੁਰੱਖਿਆ ਏਂਜਸੀਆਂ ਦੇ ਬਿਤਹਰ ਤਾਲਮੇਲ ਨਾਲ ਰੋਕ ਸਕਦੇ ਹਾਂ। ਅੱਜ ਇੱਥੇ ਜੈਨੇਸਿਸ ਡੈਂਟਲ ਕਾਲਜ ਫਿਰੋਜ਼ਪੁਰ ਵਿਖੇ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕਰ ਰਹੇ ਸਨ।
ਪੰਜਾਬ ਦੇ ਗਵਰਨਰ ਨੇ ਆਖਿਆ ਕਿ ਰਾਜ ਦੇ 6 ਸਰਹੱਦੀ ਜ਼ਿਲ੍ਹੇ ਬਹੁਤ ਸੰਵੇਦਨਸ਼ੀਲ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਇਹ ਜਾਣ ਲਿਆ ਹੈ ਕਿ ਉਹ ਭਾਰਤ ਨਾਲ ਸਿੱਧਾ ਯੁੱਧ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਹੈ ਇਸ ਲਈ ਉਹ ਨਸਿ਼ਆਂ ਅਤੇ ਹੋਰ ਮਾਰੂ ਹਥਿਆਰਾਂ ਰਾਹੀਂ ਸਾਡੀ ਜਵਾਨੀ ਨੂੰ ਨਿਸ਼ਾਨਾ ਬਣਾ ਰਿਹਾ ਹੈ। ਪਰ ਅਸੀਂ ਦੁਸ਼ਮਣ ਦੀਆਂ ਇਹ ਚਾਲਾਂ ਅਸਫਲ ਕਰ ਸਕਦੇ ਹਾਂ ਜ਼ੇਕਰ ਸਾਰੇ ਲੋਕ ਚੌਕਸ ਰਹੀਏ ਅਤੇ ਇਸ ਮਾੜੇ ਕੰਮਾਂ ਵਿਚ ਲੱਗੇ ਲੋਕਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਡੀ ਜਵਾਨੀ ਨੂੰ ਬਚਾਉਣ ਲਈ ਜਰੂਰੀ ਹੈ ਕਿ ਅਸੀਂ ਸਾਰੇ ਮਤਭੇਦ ਭੁਲਾ ਕੇ ਇਸ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਤੇ ਇਕਜੁੱਟ ਹੋ ਕੇ ਕੰਮ ਕਰੀਏ।
ਗਵਰਨਰ ਨੇ ਕਿਹਾ ਕਿ ਇਸ ਲਈ ਪਿੰਡ ਅਤੇ ਵਾਰਡ ਪੱਧਰ ਤੇ ਨਾਗਰਿਕ ਸੁਰੱਖਿਆ ਸਮੀਤੀਆਂ ਬਹੁਤ ਕਾਰਗਾਰ ਸਿੱਧ ਹੋ ਸਕਦੀਆਂ ਹਨ। ਜਦ ਅਸੀਂ ਆਪਣੇ ਪਿੰਡਾਂ ਅਤੇ ਵਾਰਡਾਂ ਵਿਚ ਨਜ਼ਰ ਰੱਖਾਂਗੇ ਤਾਂ ਅਜਿਹੇ ਸਮਾਜ ਵਿਰੋਧੀ ਅਨਸਰ ਹਾਰ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਉਹ ਜਦੋਂ ਤੋਂ ਪੰਜਾਬ ਵਿਚ ਬਤੌਰ ਰਾਜਪਾਲ ਆਏ ਹਨ ਉਹ ਲਗਾਤਾਰ ਇਸ ਵਿਸ਼ੇ ਤੇ ਕੰਮ ਕਰ ਰਹੇ ਹਨ ਅਤੇ ਸੁਰੱਖਿਆ ਏਂਜਸੀਆਂ ਦੇ ਬਿਤਹਰ ਤਾਲਮੇਲ ਰਾਹੀਂ ਸਫਲਤਾ ਵੀ ਮਿਲ ਰਹੀ ਹੈ, ਪਰ ਇਸ ਵਿਚ ਜਨ ਭਾਗੀਦਾਰੀ ਵੀ ਉਨ੍ਹੀ ਹੀ ਲਾਜ਼ਮੀ ਹੈ। ਉਨ੍ਹਾਂ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਸੁਰੱਖਿਆ ਦੇ ਇਸ ਕੰਮ ਵਿਚ ਵੱਧ ਚੜ ਕੇ ਸਹਿਯੋਗ ਕਰਨ ਕਿਉਂਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ। ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਆਜਾਦੀ ਤੋਂ ਬਾਅਦ ਦੇਸ਼ ਦੇ ਅੰਨ ਭੰਡਾਰ ਭਰਨ ਵਿਚ ਪੰਜਾਬੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਖਿਲਾਫ ਇਸ ਮੁਹਾਜ ਤੇ ਵੀ ਅਸੀਂ ਜਿੱਤ ਦਰਜ ਕਰਕੇ ਰਹਾਂਗੇ। ਇਸ ਮੌਕੇ ਉਨ੍ਹਾਂ ਨੇ ਅਗਨੀਪੱਥ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਨੌਜਵਾਨਾਂ ਲਈ ਬਹੁਤ ਵਧੀਆ ਸਕੀਮ ਹੈ ਅਤੇ ਇਸ ਨਾਲ ਵੱਧ ਰਹੀ ਬੇਰੁਜ਼ਗਾਰੀ ਨੂੰ ਵੀ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਅਗਨੀਪੱਥ ਵਿੱਚ ਖਾਸ ਕੋਟਾ ਦੇਣ ਲਈ ਉਹ ਆਪਣਾ ਪ੍ਰਸਤਾਵ ਰੱਖਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਰਡਰ ਏਰੀਆ ਦੇ ਵਿਕਾਸ ਕੰਮਾਂ ਸਬੰਧੀ ਬੋਲਦਿਆਂ ਕਿਹਾ ਕਿ ਜੇਕਰ ਵਿਕਾਸ ਦੇ ਕੰਮਾਂ ਦੇ ਫੰਡ ਰੁਕੇ ਹੋਏ ਹਨ ਜਾਂ ਦੇਰੀ ਹੁੰਦੀ ਹੈ ਉਨ੍ਹਾਂ ਦਾ ਜਲਦੀ ਹੱਲ ਕੀਤਾ ਜਾਵੇਗਾ ਤਾਂ ਜੋ ਸਰਹੱਦੀ ਜ਼ਿਲ੍ਹਿਆਂ ਦਾ ਵਿਕਾਸ ਹੋ ਸਕੇ।
ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਇਸ ਮੌਕੇ ਸਰਹੱਦੀ ਇਲਾਕਿਆਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਵਿਕਾਸ ਲਈ ਇੰਨ੍ਹਾਂ ਲੋਕਾਂ ਦੀ ਆਵਾਜ਼ ਨੂੰ ਉਹ ਕੇਂਦਰ ਸਰਕਾਰ ਤੱਕ ਵੀ ਬੁਲੰਦ ਕਰਣਗੇ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸਾਗਰ ਸੇਤੀਆ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਨ੍ਹਾਂ ਨੂੰ ਸਰਹੱਦੀ ਇਲਾਕੇ ਦੀਆਂ ਜਰੂਰਤਾਂ ਤੋਂ ਜਾਣੂ ਕਰਵਾਉਣ ਦੇ ਨਾਲ ਸਰਹੱਦੀ ਇਲਾਕਿਆਂ ਵਿਚ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਵੀ ਦਿੱਤੀ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਨੇ ਰਾਜਪਾਲ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜਾਣਕਾਰੀ ਦਿੱਤੀ ਕਿ ਕਿਸ ਤਰਾਂ ਜਿ਼ਲ੍ਹਾ ਪ੍ਰ਼ਸ਼ਾਸਨ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਵਿਚ ਜਾ ਕੇ ਕੰਮ ਕਰ ਰਿਹਾ ਹੈ।
ਇਸ ਮੌਕੇ ਰਾਜ ਦੇ ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ, ਵਿਧਾਇਕ ਸ. ਰਣਬੀਰ ਸਿੰਘ ਭੁੱਲਰ, ਸ੍ਰੀ ਰਜ਼ਨੀਸ ਦਹੀਆ, ਸ੍ਰੀ ਨਰੇਸ਼ ਕਟਾਰੀਆਂ, ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ, ਰਾਜਪਾਲ ਦੇ ਪ੍ਰਮੁੱਖ ਸਕੱਤਰ ਸ੍ਰੀ ਜ਼ੇਐਮ ਬਾਲਾਮੁਰੂਗਨ, ਆਈ.ਜੀ. ਪੀ.ਕੇ. ਯਾਦਵ, ਡਿਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ, ਐਸਐਸਪੀ ਸ੍ਰੀ ਸੁਰਿੰਦਰ ਲਾਂਬਾ ਤੇ ਹੋਰ ਅਧਿਕਾਰੀ ਹਾਜ਼ਰ ਸਨ।