Ferozepur News
ਪ੍ਰੀ ਪ੍ਰਾਇਮਰੀ ਪਹਿਲੀ ਤੇ ਦੂਜੀ ਦੇ ਨੰਨ੍ਹੇ ਮੁੰਨੇ ਬੱਚਿਆਂ ਨਾਲ ਸਕੂਲਾਂ ਵਿੱਚ ਪਰਤੀ ਰੌਣਕ : ਰਾਜੀਵ ਛਾਬੜਾ
ਪ੍ਰੀ ਪ੍ਰਾਇਮਰੀ ਪਹਿਲੀ ਤੇ ਦੂਜੀ ਦੇ ਨੰਨ੍ਹੇ ਮੁੰਨੇ ਬੱਚਿਆਂ ਨਾਲ ਸਕੂਲਾਂ ਵਿੱਚ ਪਰਤੀ ਰੌਣਕ : ਰਾਜੀਵ ਛਾਬੜਾ
ਫਿਰੋਜ਼ਪੁਰ , 1 ਫ਼ਰਵਰੀ, 2021: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ 1 ਫਰਵਰੀ ਤੋਂ ਪ੍ਰੀ ਪ੍ਰਾਇਮਰੀ , ਪਹਿਲੀ ਤੇ ਦੂਜੀ ਸ਼੍ਰੇਣੀ ਤੋਂ ਸੂਬੇ ਵਿੱਚ ਸਰਕਾਰੀ ,ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਸਕੂਲ ਖੁੱਲਣ ਨਾਲ ਸਕੂਲਾਂ ਵਿੱਚ ਰੌਣਕ ਪਰਤ ਆਈ ਹੈ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਰਾਜੀਵ ਛਾਬੜਾ ਨੇ ਦੱਸਿਆ ਕਿ ਪਹਿਲਾਂ ਹੀ ਤੀਸਰੀ ਤੋਂ ਬਾਰ੍ਹਵੀਂ ਤੱਕ ਸਕੂਲਾਂ ਵਿੱਚ ਬੱਚਿਆ ਨੂੰ ਸਿੱਖਿਆ ਦਿੱਤੀ ਜਾ ਰਹੀ ਸੀ ਤੇ ਹੁਣ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ ਤੋਂ ਸਹਿਮਤੀ ਲੈ ਕੇ ਪ੍ਰੀ ਪ੍ਰਾਇਮਰੀ , ਪਹਿਲੀ ਤੇ ਦੂਸਰੀ ਸ਼੍ਰੇਣੀ ਦੇ ਬੱਚਿਆਂ ਲਈ ਸਕੂਲ ਖੋਲੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਮਾਪਿਆਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਪੜ੍ਹਾਅਵਾਰ ਸਕੂਲ ਖੋਲੇ ਗਏ ਹਨ ਤੇ ਸਕੂਲਾਂ ਵਿੱਚ ਕੋਵਿਡ 19 ਮਹਾਂਮਾਰੀ ਸੰਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਸਖ਼ਤੀ ਨਾਲ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪ੍ਰੀ ਪ੍ਰਾਇਮਰੀ , ਪਹਿਲੀ ਤੇ ਦੂਸਰੀ ਦੇ ਬੱਚਿਆ ਦੀ ਉਮਰ ਬਹੁਤ ਛੋਟੀ ਹੈ , ਇਸ ਲਈ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਵੱਲੋਂ ਜ਼ਿਆਦਾ ਤਵੱਜੋਂ ਦੇ ਕੇ ਧਿਆਨ ਰੱਖਿਆਂ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਆਪਸੀ ਦੂਰੀ ਦਾ ਧਿਆਨ ਰੱਖ ਕੇ ਸੀਟਿੰਗ ਪਲਾਨ ਤਿਆਰ ਕਰਨਾ , ਮਾਸਕ ਦੀ ਵਰਤੋਂ ਕਰਨੀ, ਥੋੜ੍ਹੇ ਸਮੇਂ ਦੇ ਅੰਤਰਾਲ ਨਾਲ ਵਾਰ ਵਾਰ ਹੱਥਾਂ ਨੂੰ ਧੌਣ ਜਾਂ ਸੈਨੇਟਾਈਜ਼ ਕਰਨ ਆਦਿ ਬਾਰੇ ਵਾਰ-ਵਾਰ ਜਾਗਰੂਕ ਕਰਨਾ ਯਕੀਨੀ ਬਣਾਇਆਂ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਤੇ ਅਧਿਆਪਕ ਬੱਚਿਆਂ ਦੀ ਸਿਹਤ ਪ੍ਰਤੀ ਸੰਜੀਦਾ ਹਨ ਅਤੇ ਬੱਚਿਆਂ ਦੀ ਸਿਹਤ ਦੀ ਸਾਂਭ ਸੰਭਾਲ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਲਾਕ ਡਾਊਨ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਮਾਧਿਅਮਾਂ ਦੁਆਰਾਂ ਆਨ ਲਾਈਨ ਸਿੱਖਿਆ ਨਾਲ ਜੋੜੀ ਰੱਖਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮਹਿੰਦਰ ਸ਼ੈਲੀ ਜ਼ਿਲਾ ਕੋਆਰਡੀਨੇਟਰ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਨੇ ਦੱਸਿਆ ਕਿ ਹੁਣ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਅਧਿਆਪਕਾਂ ਵੱਲੋਂ ਪੂਰੇ ਵਿਉਂਤਬੰਦੀ ਤਰੀਕੇ ਨਾਲ ਬੱਚਿਆਂ ਨੂੰ ਮਿਹਨਤ ਕਰਵਾਈ ਜਾ ਰਹੀ ਹੈ।