ਪ੍ਰਧਾਨ ਮੰਤਰੀ ਕਿਸਾਨਾਂ ਦੀਆਂ ਜਿਣਸਾਂ ਦੀ ਐਮ ਐਸ ਪੀ ’ਤੇ ਯਕੀਨੀ ਸਰਕਾਰੀ ਖਰੀਦ ਦੀ ਗਰੰਟੀ ਦੇਣ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਮੁੱਖ ਮੰਤਰੀ ਦੋਗਲੀਆਂ ਚਾਲਾਂ ਨਾ ਚੱਲਣ ਤੇ ਕਿਸਾਨਾਂ ਦੀਆਂ ਸ਼ਿਕਾਇਤਾਂ ਛੇਤੀ ਤੋਂ ਛੇਤੀ ਦੂਰ ਕਰਨ
ਪ੍ਰਧਾਨ ਮੰਤਰੀ ਕਿਸਾਨਾਂ ਦੀਆਂ ਜਿਣਸਾਂ ਦੀ ਐਮ ਐਸ ਪੀ ’ਤੇ ਯਕੀਨੀ ਸਰਕਾਰੀ ਖਰੀਦ ਦੀ ਗਰੰਟੀ ਦੇਣ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਮੁੱਖ ਮੰਤਰੀ ਦੋਗਲੀਆਂ ਚਾਲਾਂ ਨਾ ਚੱਲਣ ਤੇ ਕਿਸਾਨਾਂ ਦੀਆਂ ਸ਼ਿਕਾਇਤਾਂ ਛੇਤੀ ਤੋਂ ਛੇਤੀ ਦੂਰ ਕਰਨ
ਫਿਰੋਜ਼ਪੁਰ, 22 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਖਿਆ ਕਿ ਉਹ ਕਿਸਾਨਾ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਹਨਾਂ ਦੀਆਂ ਜਿਣਸਾਂ ਦੀ ਐਮ ਐਸ ਪੀ ’ਤੇ ਯਕੀਨੀ ਸਰਕਾਰੀ ਖਰੀਦ ਦੀ ਗਰੰਟੀ ਦੇਣ ਤੇ ਪੰਜਾਬ ਦੀ ਮੰਡੀਕਰਣ ਪ੍ਰਣਾਲੀ ਦੀ ਰਾਖੀ ਯਕੀਨੀ ਬਣਾਈ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਮਹੀਨੇ 100ਵੇਂ ਸਥਾਪਾਨਾ ਦਿਵਸ ਦੀਆਂ ਤਿਆਰੀਆਂ ਦੇ ਸਬੰਧ ਵਿਚ ਇਥੇ ਗੁਰੂ ਸਹਾਏ, ਫਿਰੋਜ਼ੁਰ ਦਿਹਾਤੀ ਅਤੇ ਜ਼ੀਰਾ ਦਾ ਦੌਰਾ ਕਰਨ ਮਗਰੋਂ ਸਾਬਕਾ ਮੰਤਰੀ ਸਰਦਾਰ ਜਨਮੇਜਾ ਸਿੰਘ ਸੇਖੋਂ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਗਲੀਆਂ ਚਾਲਾਂ ਨਹੀਂ ਚੱਲਣੀਆਂ ਚਾਹੀਦੀਆਂ ਤੇ ਅੱਗੇ ਹੋ ਕੇ ਅਗਵਾਈ ਕਰਦਿਆਂ ਕਿਸਾਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਰਲ ਕੇ ਦੋਸਤਾਨਾ ਮੈਚ ਖੇਡ ਰਹੇ ਹਨ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਸ ਅਨੁਸਾਰ ਹੀ ਚਲਦੇ ਹਨ ਜੋ ਕੇਂਦਰ ਉਹਨਾਂ ਨੂੰ ਲਿਖ ਕੇ ਦਿੰਦਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹਨਾਂ ਨੇ ਹੁਣ ਕਿਸਾਨਾਂ ਨਾਲ ਰਾਬਤਾ ਬਣਾਇਆ ਹੈ ਤੇ ਉਹਨਾਂ ਨੂੰ ਕੇਂਦਰ ਦਾ ਕਹਿਣਾ ਮੰਨ ਕੇ ਸੂਬੇ ਵਿਚ ਸਾਰੀਆਂ ਰੇਲਵੇ ਜਾਇਦਾਦਾਂ ਖਾਲੀ ਕਰਨ ਵਾਸਤੇ ਰਾਜ਼ੀ ਕੀਤਾ ਹੈ। ਉਹਨਾਂ ਕਿਹਾ ਕਿ ਇਹ ਪੱਕਾ ਹੈ ਕਿ ਮੁੱਖ ਮੰਤਰੀ ਜਾਣਦੇ ਹਨ ਕਿ ਕਿਸਾਨਾਂ ਨੇ ਤਾਂ ਦੋ ਹਫਤੇ ਪਹਿਲਾਂ ਹੀ ਰੇਲ ਰੋਕੋ ਅੰਦੋਲਨ ਖਤਮ ਕਰ ਦਿੱਤਾ ਸੀ।
ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਲਈ ਰੇਲ ਆਵਾਜਾਈ ਬਹਾਲ ਕਰਵਾਉਣ ਲਈ ਕੇਂਦਰ ’ਤੇ ਦਬਾਅ ਬਣਾਉਣਾ ਚਾਹੀਦਾ ਸੀ ਨਾ ਕਿ ਕਿਸਾਨਾਂ ਨਾਲ ਰਾਬਤਾ ਕਰ ਕੇ ਉਹਨਾਂ ਨੂੰ ਰੇਲਵੇ ਸਟੇਸ਼ਨਾਂ ਦੇ ਨੇੜੇ ਨਾ ਢੁਕਣ ਦੀ ਸਲਾਹ ਦੇਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਕੇਂਦਰ ਪੰਜਾਬੀਆਂ ਨੂੰ ਕਿਸਾਨਾਂ ਨਾਲ ਖੜ੍ਹਨ ਦੀ ਸਜ਼ਾ ਨਾ ਦੇਵੇ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਹਨਾਂ ਦੀਆਂ ਸਾਰੀਆਂ ਸ਼ਿਕਾਇਤ ਦੂਰ ਕਰੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਸ ’ਤੇ ਵੀ ਜ਼ੋਰ ਦਿੱਤਾ ਕਿ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਨਾਲ ਡੱਟਣ ਦਾ ਸਿਧਾਂਤਕ ਸਟੈਂਡ ਲੈਣ ਮਗਰੋ ਹੀ ਐਨ ਡੀ ਏ ਨਾਲੋਂ ਵੱਖ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨਾਲ ਡਟੇ ਰਹਾਂਗੇ ਤੇ ਇਸ ਸੰਘਰਸ਼ ਵਿਚ ਉਹਨਾਂ ਦੀ ਹਰ ਸੰਭਵ ਮਦਦ ਕਰਾਂਗੇ। ਇਕ ਸਵਾਲ ਦੇ ਜਵਾਬ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ ਮਹਿਸੂਸ ਕਰ ਲਿਆ ਹੈ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰੇਗੀ ਤੇ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਵਿਕਾਸ ਕਰਵਾ ਸਕਦਾ ਹੈ ਤੇ ਲੋਕਾਂ ਨਾਲ ਉਹਨਾਂ ਦੇ ਹੱਕ ਦੀ ਲੜਾਈ ਵਿਚ ਡੱਟ ਕੇ ਖੜ੍ਹਦਾ ਤੇ ਸਾਥ ਦਿੰਦਾ ਹੈ।
ਫਿਰੋਜ਼ਪੁਰ ਵਿਚ ਪੀ ਜੀ ਆਈ ਐਮ ਈ ਆਰ ਸੈਟੇਲਾਈਟ ਸੈਂਟਰ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਤਜਵੀਜ਼ਸ਼ੁਦਾ ਪ੍ਰਾਜੈਕਟ ਲਈ ਕੰਮ ਉਦੋਂ ਸ਼ੁਰੂ ਹੋਇਆ ਹੈ ਜਦੋਂ ਉਹਨਾਂ ਨੇ ਇਹ ਮਾਮਲਾ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਸਿੰਘ ਕੋਲ ਪਿਛਲੇ ਸਾਲ ਚੁੱਕਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਪੀ ਜੀ ਆਈ ਚੰਡੀਗੜ੍ਹ ਦੇ ਉਚ ਅਧਿਕਾਰੀਆਂ ਨਾਲ ਕੁਝ ਮਹੀਨੇ ਪਹਿਲਾਂ ਇਸ ਸੈਟੇਲਾਈਟ ਸੈਂਟਰ ਬਾਰੇ ਸਮੀਖਿਆ ਮੀਟਿੰਗ ਕੀਤੀ ਸੀ। ਉਹਨਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਇਹ ਪ੍ਰਾਜੈਕਟ ਅਗਲੀ ਵਿਸਾਖੀ ਤੱਕ ਮੁਕੰਮਲ ਹੋ ਕੇ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਜਿੰਦੂ, ਵਰਦੇਵ ਸਿੰਘ ਮਾਨ, ਅਵਤਾਰ ਸਿੰਘ ਜ਼ੀਰਾ, ਮੋਂਟੀ ਵੋਹਰਾ ਤੇ ਸੁਰਿੰਦਰ ਸਿੰਘ ਬੱਬੂ ਵੀ ਹਾਜ਼ਰ ਸਨ।