ਪਰਾਲੀ ਸਾੜਨ ਵਾਲਿਆਂ ਦੇ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਸਖ਼ਤ, 100 ਤੋਂ ਵੱਧ ਮਾਮਲੇ ਕੀਤੇ ਦਰਜ਼
ਪਰਾਲ਼ੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ - ਡੀ.ਸੀ.
ਪਰਾਲੀ ਸਾੜਨ ਵਾਲਿਆਂ ਦੇ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਸਖ਼ਤ, 100 ਤੋਂ ਵੱਧ ਮਾਮਲੇ ਕੀਤੇ ਦਰਜ਼
ਕਿਸਾਨਾਂ ਨੂੰ ਪਰਾਲ਼ੀ ਨਾ ਸਾੜਨ ਦੀ ਕੀਤੀ ਜਾ ਰਹੀ ਹੈ ਅਪੀਲ
ਪਰਾਲ਼ੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ – ਡੀ.ਸੀ.
ਫ਼ਿਰੋਜ਼ਪੁਰ, 22 ਅਕਤੂਬਰ 2024:
ਝੋਨੇ ਦੀ ਪਰਾਲੀ ਨੂੰ ਸਾੜਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ਼ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਦੇ ਹੋਏ ਹੁਣ ਤੱਕ ਆਏ 110 ਮਾਮਲਿਆਂ ਵਿਚੋਂ 100 ਪਰਚੇ ਦਰਜ ਕਰਕੇ ਪਰਾਲੀ ਸਾੜਨ ਵਾਲਿਆਂ ਖਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਸੈਟੇਲਾਈਟ ਰਾਹੀਂ ਜ਼ਿਲ੍ਹੇ ਵਿੱਚ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿੱਥੇ ਕਿਤੇ ਵੀ ਅੱਗ ਲੱਗਣ ਦੀ ਸੂਚਨਾ ਸੈਟੇਲਾਈਟ ਰਾਹੀਂ ਮਿਲਦੀ ਹੈ ਉਸੇ ਸਮੇਂ ਸਮੂਹ ਐਸ.ਡੀ.ਐਮਜ਼., ਡੀ.ਐਸ.ਪੀਜ਼, ਸਮੂਹ ਥਾਣਾ ਮੁਖੀਆਂ, ਨਿਯੁਕਤ ਕਲੱਸਟਰਾਂ, ਨੋਡਲ ਅਫ਼ਸਰਾਂ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਅੱਗ ਲੱਗਣ ਵਾਲੀ ਥਾਂ ’ਤੇ ਪਹੁੰਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਕਿਸਾਨਾਂ ਨੂੰ ਹਰ ਤਰ੍ਹਾਂ ਨਾਲ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕੀਤਾ ਜਾਂਦਾ ਰਿਹਾ ਹੈ ਅਤੇ ਫ਼ਿਰ ਵੀ ਕਿਸਾਨਾਂ ਵੱਲੋਂ ਪਰਾਲ਼ੀ ਨੂੰ ਅੱਗ ਲਗਾਈ ਜਾਂਦੀ ਹੈ। ਇਸ ਲਈ ਮਜ਼ਬੂਰ ਹੋ ਕੇ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਫ਼ਿਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਰਾਲ਼ੀ ਨੂੰ ਅੱਗ ਨਾ ਲਗਾਉਣ ਅਤੇ ਸੁਚੱਜੇ ਢੰਗ ਨਾਲ ਪਰਾਲ਼ੀ ਦਾ ਨਿਪਟਾਰਾ ਕਰਨ ਤਾਂ ਜੋ ਅੱਗ ਲਗਾਉਣ ਨਾਲ ਵਾਤਾਵਰਣ, ਮਨੁੱਖੀ ਸਿਹਤ ਅਤੇ ਜੀਵ ਜੰਤੂਆਂ ਦਾ ਨੁਕਸਾਨ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਲਗਾਤਾਰ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਰਾਜ ਸਰਕਾਰ ਵੱਲੋਂ ’ਉੱਨਤ ਕਿਸਾਨ’ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ ’ਚ ਸੰਬੰਧਿਤ ਜ਼ਿਲਿਆਂ ਦੇ ਵਿਲੇਜ ਲੈਵਲ ਫੈਕੀਲੀਟੇਟਰ ਅਤੇ ਕਲੱਸਟਰ ਲੈਵਲ ਹੈਡ ਸੰਬੰਧੀ ਜਾਣਕਾਰੀ (ਨਾਮ, ਅਹੁਦਾ ਅਤੇ ਮੋਬਾਈਲ ਨੰਬਰ) ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ਲਈ ਵੱਖ-ਵੱਖ ਪਿੰਡਾਂ ਵਿੱਚ ਉਪਲੱਬਧ ਖੇਤੀ ਮਸ਼ੀਨਾਂ ਦੀ ਮੈਪਿੰਗ ਵੀ ਇਸ ਐਪ ਵਿੱਚ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉੱਨਤ ਕਿਸਾਨ ਐਪ ਨੂੰ ਡਾਊਨਲੋਡ ਕਰਨ ਉਪਰੰਤ ਆਪਣੇ ਸਬੰਧਿਤ ਏਰੀਏ ਦੀ ਚੋਣ ਕਰਕੇ ਮਸ਼ੀਨਾਂ ਦੀ ਮੈਪਿੰਗ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।