Ferozepur News

ਨਸ਼ਾ ਛੁਡਾਊ ਦਿਵਸ ਮੌਕੇ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼

ਨਸ਼ੇ ਦਾ ਆਦਿ ਵਿਅਕਤੀ ਉੱਚ ਮਨੋਬਲ ਅਤੇ ਢੁਕਵੀਂ ਡਾਕਟਰੀ ਸਹਾਇਤਾਂ ਨਾਲ ਨਸ਼ੇ ਦੇ ਕੋਹੜ ਤੋਂ ਛੁਟਕਾਰਾ ਪਾ ਸਕਦਾ ਹੈ

ਨਸ਼ਾ ਛੁਡਾਊ ਦਿਵਸ ਮੌਕੇ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼

ਫਿਰੋਜ਼ਪੁਰ 26 ਜੂਨ  ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਨਿਰਦੇਸ਼ਾਂ ਦੀ ਰੌਸ਼ਨੀ ਹੇਠ, ਜਿੱਥੇ ਕਰੋਨਾ ਰੋਗ ਦਾ ਪੂਰੀ ਸ਼ਿੱਦਤ ਨਾਲ ਟਾਕਰਾ ਕੀਤਾ ਜਾ ਰਿਹਾ ਹੈ ਉਥੇ ਹੋਰ ਸਾਰੇ ਸਿਹਤ ਪ੍ਰੋਗਾਮਾਂ ਨੂੰ ਵੀ ਉਸੇ ਕੁਸ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਵਿੱਚੋਂ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਛੁਡਾਓ ਮੁਹਿੰਮ ਵੀ ਇੱਕ ਅਹਿਮ ਸਿਹਤ ਪ੍ਰੋਗਰਾਮ ਹੈ। ਉਹਨਾ ਕਿਹਾ ਕਿ ਕੋਵਿਡ-19 ਕਾਰਨ ਸਰਕਾਰ ਵੱਲੋਂ ਅਹਤਿਆਤਨ ਲਾਗੂ ਕੀਤੇ ਗਏ ਲਾਕਡਾਊਨ ਦੇ ਸਮੇਂ ਵਿੱਚ ਨਸ਼ਾ ਛੱਡਣ ਵਾਲੇ ਵਿਅਕਤੀਆਂ ਦੀ ਤਾਦਾਦ ਵਿੱਚ ਭਾਰੀ ਵਾਧਾ ਦਰਜ਼ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ ਆਯੋਜਿਤ ਕੀਤੇ ਜਾਂਦੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨਾਲ ਸਬੰਧਤ ਆਪਣੇ ਸੰਦੇਸ਼ ਵਿੱਚ ਉਹਨਾਂ ਕਿਹਾ ਕਿ ਇਸ ਦਿਵਸ ਦਾ ਇਸ ਵਾਰ ਦਾ ਥੀਮ ਹੈ ਕਿ ”ਬਿਹਤਰ ਜੀਵਨ ਲਈ ਬਿਹਤਰ ਅਤੇ ਸਹੀ ਜਾਣਕਾਰੀ ਜ਼ਰੂਰੀ ਹੈ”। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸ਼ੁਰੂ ਵਿੱਚ ਆਪਣੇ ਤੋਂ ਵੱਡਿਆ ਦੀ ਦੇਖੋ ਦੇਖੀ, ਆਪਣੇ ਸਾਥੀਆਂ ਦੇ ਕਹਿਣ ਤੇ ਜਾਂ ਫਿਰ ਤਜ਼ਰਬੇ ਦੇ ਤੋਰ ਤੇ ਨਸ਼ੇ ਦਾ ਸੇਵਨ ਕਰਦਾ ਹੈ।

ਉਹਨਾ ਇਹ ਵੀ ਕਿਹਾ ਕਿ ਨਸ਼ਾ ਵਿਨਾਸ਼ ਦਾ ਦਰਵਾਜ਼ਾ ਹੈ। ਜਿਸ ਵਿੱਚ ਇਕ ਵਾਰੀ ਦਾਖਲ ਹੋਣ ਵਾਲੇ ਵਿਅਕਤੀ ਨੂੰ ਇਸ ਨਸ਼ਾ ਰੂਪੀ ਦਲਦਲ ਵਿੱਚੋਂ ਨਿਕਲਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾ ਖੁਲਾਸਾ ਕੀਤਾ ਕਿ ਕਿਸੇ ਵੀ ਕਿਸਮ ਦੇ ਨਸ਼ੇ ਦਾ ਆਦੀ ਹੋਣ ਤੇ ਇਹ ਨਸ਼ਾ ਉਸ ਦਾ ਸ਼ਰੀਰਕ, ਮਾਨਸਿਕ, ਆਰਥਿਕ ਅਤੇ ਬੌਧਿਕ ਨਾਸ਼ ਕਰ ਦਿੰਦਾ ਹੈ ਅਤੇ ਨਸ਼ੇੜੀ ਵਿਅਕਤੀ ਕਾਰਨ ਉਸਦੇ ਪਰਿਵਾਰ ਸਮਾਜ ਅਤੇ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਉਹਨਾਂ ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਸਬੰਧੀ ਖੁਲਾਸਾ ਕਰਦਿਆਂ ਦੱਸਿਆ ਕਿ ਕੋਈ ਵਿਅਕਤੀ ਉੱਚ ਮਨੋਬਲ ਅਤੇ ਢੁਕਵੀਂ ਡਾਕਟਰੀ ਸਹਾਇਤਾਂ ਨਾਲ ਨਸ਼ੇ ਦੇ ਕੋਹੜ ਤੋਂ ਛੁਟਕਾਰਾ ਪਾ ਸਕਦਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਜਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਵਿਖੇ ਮਨੋਰੋਗ ਮਾਹਿਰ ਡਾਕਟਰਾਂ, ਕੌਸਲਰਾਂ ਦੀ ਸੇਵਾਵਾਂ ਅਤੇ ਦਵਾਈਆਂ ਮੁਫਤ ਉਪਲਬਧ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਚੱਲ ਰਹੇ ਸਾਰੇ ਓਟ ਸੈਂਟਰਾਂ ਤੇ ਨਸ਼ਾ ਛੱਡਣ ਲਈ ਮੁਫਤ ਦਵਾਈ ਦਿੱਤੀ ਜਾਂਦੀ ਹੈ। ਉਹਨਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ।

Related Articles

Leave a Reply

Your email address will not be published. Required fields are marked *

Back to top button