ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਬਿਨਾਂ ਭੇਦ ਭਾਵ ਕਰ ਰਹੀਆਂ ਹਨ ਹੜ੍ਹ ਪੀੜ੍ਹਤ ਲੋਕਾਂ ਦੀ ਮੱਦਦ – ਡੀ.ਸੀ.
ਪਸ਼ੂਆਂ ਲਈ ਹਰਾ ਅਤੇ ਸੁੱਕਾ ਚਾਰਾ ਦੂਰ-ਦੁਰਾਂਡੇ ਤੋਂ ਲੈ ਕੇ ਪਹੁੰਚੇ ਦਾਨੀ ਸੱਜਣ
ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਬਿਨਾਂ ਭੇਦ ਭਾਵ ਕਰ ਰਹੀਆਂ ਹਨ ਹੜ੍ਹ ਪੀੜ੍ਹਤ ਲੋਕਾਂ ਦੀ ਮੱਦਦ – ਡੀ.ਸੀ.
ਹੜ੍ਹ ਪੀੜ੍ਹਤਾਂ ਨੂੰ ਲੰਗਰ, ਦਵਾਈਆਂ, ਪਸ਼ੂਆਂ ਲਈ ਚਾਰਾ ਸਮੇਤ ਹੋਰ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਵਾ ਕੇ ਦਿੱਤੀ ਜਾ ਰਹੀ ਹੈ ਵਿਸ਼ੇਸ਼ ਮੱਦਦ
ਪਸ਼ੂਆਂ ਲਈ ਹਰਾ ਅਤੇ ਸੁੱਕਾ ਚਾਰਾ ਦੂਰ-ਦੁਰਾਂਡੇ ਤੋਂ ਲੈ ਕੇ ਪਹੁੰਚੇ ਦਾਨੀ ਸੱਜਣ
ਫਿਰੋਜ਼ਪੁਰ, 22 ਅਗਸਤ 2023.
ਭਾਰੀ ਮੀਂਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫੱਟਣ ਕਾਰਨ ਅਤੇ ਭਾਖੜਾ ਦੇ ਫਲੱਡ ਗੇਟ ਖੋਲਣ ਕਾਰਨ ਜ਼ਿਲ੍ਹੇ ਦੇ ਸਤਲੁਜ ਦਰਿਆ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿੱਚ ਦਰਿਆ ਦੇ ਪਾਣੀ ਨੇ ਕਾਫੀ ਤਬਾਹੀ ਮਚਾਈ ਹੈ ਅਤੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਅਜਿਹੇ ਲੋਕਾਂ ਲਈ ਰੱਬ ਦਾ ਰੂਪ ਬਣ ਕੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ ਅਤੇ ਇਨ੍ਹਾਂ ਹੜ੍ਹ ਪੀੜ੍ਹਤ ਲੋਕਾਂ ਦੀ ਬਿਨਾਂ ਭੇਦ-ਭਾਵ ਤੋਂ ਮੱਦਦ ਕਰ ਰਹੀਆਂ ਹਨ।
ਇਨ੍ਹਾਂ ਵੱਖ-ਵੱਖ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਫਿਰੋਜ਼ਪੁਰ ਦੇ ਸਤਲੁਜ ਨਾਲ ਲੱਗਦੇ ਪਿੰਡਾਂ ਨਿਹਾਲਾ ਲਵੇਰਾ, ਰੁਕਨੇਵਾਲਾ, ਧੀਰਾ ਘਾਰਾ, ਹੁਸੈਨੀਵਾਲਾ, ਹਜ਼ਾਰਾ ਸਿੰਘ ਵਾਲਾ, ਗੱਟੀ ਰਾਜੋ ਕੇ, ਬੰਡਾਲਾ ਆਦਿ ਸਮੇਤ ਹੋਰਨਾਂ ਵੱਖ-ਵੱਖ ਪਿੰਡਾਂ ਵਿੱਚ ਰਾਹਤ ਕਾਰਜ ਜੰਗੀ ਪੱਧਰ ਤੇ ਜਾਰੀ ਹਨ। ਇਨ੍ਹਾਂ ਸੰਸਥਾਵਾਂ ਵੱਲੋਂ ਬਿਨਾਂ ਕਿਸੇ ਮੱਤਭੇਦ ਦੇ ਹੜ੍ਹ ਪੀੜ੍ਹਤ ਲੋਕਾਂ ਦੀ ਨਿਸਾਨੀਅਤ ਵਜੋਂ ਮੱਦਦ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੜ੍ਹ ਪੀੜ੍ਹਤਾਂ ਲਈ ਲੰਗਰ, ਪਸ਼ੂਆਂ ਲਈ ਚਾਰਾ, ਤਰਪਾਲਾਂ, ਮੱਛਰਦਾਨੀਆਂ, ਪੀਣ ਵਾਲਾ ਪਾਣੀ ਆਦਿ ਦੀਆਂ ਟਰਾਲੀਆਂ ਭਰ ਕੇ ਆ ਰਹੀਆਂ ਹਨ ਤੇ ਇਨ੍ਹਾਂ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ ਤੇ ਇਹ ਸੰਸਥਾਵਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰ ਰਹੀਆਂ ਹਨ।
ਵਿਧਾਇਕ ਰਣਬੀਰ ਸਿੰਘ ਭੁੱਲਰ ਤੇ ਹੜ੍ਹ ਪੀੜ੍ਹਤ ਲੋਕਾਂ ਨੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਯਤਨਾਂ ਸਦਕਾ ਖਾਣ-ਪੀਣ ਦੀ ਕੋਈ ਸਮੱਸਿਆ ਨਹੀਂ ਆ ਰਹੀ। ਹੜ੍ਹ ਪੀੜ੍ਹਤਾਂ ਨੇ ਪੰਜਾਬ ਦੇ ਦਾਨੀ ਸੱਜਣਾ ਦਾ ਵੀ ਧੰਨਵਾਦ ਕੀਤਾ ਜੋ ਦੂਸਰੇ ਜ਼ਿਲ੍ਹਿਆਂ ਤੋਂ ਲੰਗਰ ਅਤੇ ਉਨ੍ਹਾਂ ਦੇ ਪਸ਼ੂਆਂ ਲਈ ਚਾਰਾ ਲੈ ਕੇ ਆ ਰਹੇ ਹਨ ਤੇ ਉਨ੍ਹਾਂ ਦੀ ਮੱਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਜਦੋਂ ਵੀ ਕੋਈ ਬਿਪਤਾ ਪਈ ਹੈ ਤਾਂ ਪੰਜਾਬ ਦੇ ਲੋਕਾਂ ਨੇ ਇਕੱਠੇ ਹੋ ਕੇ ਉਸ ਦਾ ਸਾਹਮਣਾ ਕੀਤਾ ਹੈ ਤੇ ਉਹੀ ਹਾਲਾਤ ਹੁਣ ਬਣੇ ਹੋਏ ਹਨ। ਇਸ ਦਰਿਆਈ ਪਾਣੀ ਦੀ ਮਾਰ ਹੇਠ ਆਏ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਜੋ ਦਿਨ-ਰਾਤ ਉਨ੍ਹਾਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ ਅਤੇ ਰਾਹਤ ਕੈਂਪਾਂ ਰਾਹੀਂ ਮੁੱਢਲੀਆਂ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੀ ਸਾਥੀਆਂ ਸਮੇਤ ਦਿਨ ਰਾਤ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।