ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ
ਫਿਰੋਜ਼ਪੁਰ, ਫਰਵਰੀ 20, 2025: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਪਰਮ ਸ਼ਿਸ਼ ਸਵਾਮੀ ਚੰਦਰ ਸ਼ੇਖਰ ਜੀ ਨੇ ਸੰਗਤ ਨੂੰ ਆਪਣੇ ਵਿਚਾਰਾਂ ਵਿੱਚ ਦੱਸਦੇ ਹੋਏ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਨੇ ਆਪਣਾ ਪਿਆਰ ਪ੍ਰਮਾਤਮਾ ਨਾਲ ਜੋੜਿਆ,ਉਸਦਾ ਜੀਵਨ ਨਵੀਨਤਾ ਦੇ ਸਾਂਚੇ ਵਿੱਚ ਢਲ ਗਿਆ। ਪ੍ਰਮਾਤਮਾ ਪ੍ਰਤੀ ਪ੍ਰੇਮ ਦੇ ਮਾਰਗ ‘ਤੇ ਚਲਦੇ ਉਸ ਇਨਸਾਨ ਦੇ ਕਦਮ ਪੂਰੀ ਤਰ੍ਹਾਂ ਉਸਾਰੂ ਅਤੇ ਲਾਭਕਾਰੀ ਸਾਬਤ ਹੁੰਦੇ ਹਨ।
ਉਦਾਹਰਣ ਵਜੋਂ, ਪਤਨੀ ਦੇ ਪਿਆਰ ਵਿੱਚ ਫਸੇ ਤੁਲਸੀਦਾਸ ਜੀ ਆਪਣੀ ਪਤਨੀ ਨੂੰ ਦੇਖੇ ਬਿਨਾਂ ਇੱਕ ਪਲ ਵੀ ਨਾ ਰਹਿ ਸਕੇ। ਇਸ ਕਾਰਨ ਉਹ ਮਜ਼ਾਕ ਦਾ ਪਾਤਰ ਬਣੇ , ਪਰ ਜਦੋਂ ਸੰਤ ਨਰਹਰਿਦਾਸ ਜੀ ਦੀ ਕਿਰਪਾ ਨਾਲ ਪ੍ਰਭੂ ਵੱਲ ਮੁੜੇ, ਤਦੋਂ ਹੀ ਉਹਨਾ ਨੂੰ ਸੱਚੇ ਪਿਆਰ ਦੀ ਸੋਝੀ ਹੋ ਸਕੀ। ਪ੍ਰਮਾਤਮਾ ਦੇ ਪ੍ਰੇਮ ਦੇ ਮਾਰਗ ‘ਤੇ ਚੱਲ ਕੇ ਓਹੀ ਤੁਲਸੀਦਾਸ ਜੀ ਸਾਰਿਆਂ ਦੀਆਂ ਨਜ਼ਰਾਂ ਵਿਚ ਸਤਿਕਾਰਯੋਗ ਬਣ ਗਏ। ਮਹਾਨ ਗੋਸਵਾਮੀ ਤੁਲਸੀਦਾਸ ਜੀ ਨੂੰ ਰਾਮਚਰਿਤਮਾਨਸ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ।
ਇੱਕ ਹੋਰ ਉਦਾਹਰਣ ਵਿੱਚ ਸਵਾਮੀ ਜੀ ਨੇ ਰਾਜਾ ਅਸ਼ੋਕ ਦਾ ਜ਼ਿਕਰ ਕੀਤਾ। ਉਸਦਾ ਪਿਆਰ ਰਾਜ ਨਾਲ ਸੀ, ਦੌਲਤ ਤੇ ਜਾਇਦਾਦ ਨਾਲ! ਇਸ ਦੀ ਲਾਲਸਾ ਵਿਚ ਉਸ ਨੇ ਪਤਾ ਨਹੀਂ ਕਿੰਨੇ ਕਤਲ ਕੀਤੇ, ਕਈ ਲੱਖ ਔਰਤਾਂ ਦੇ ਸੁਹਾਗ ਉਜਾੜ ਦਿੱਤੇ, ਇੰਨੇ ਬੱਚਿਆਂ ਨੂੰ ਯਤੀਮ ਕੀਤਾ ਅਤੇ ਫਿਰ ਇਕ ਵਿਸ਼ਾਲ ਰਾਜ ਦਾ ਮਾਲਕ ਬਣ ਗਿਆ। ਉਸ ਦੇ ਚਰਨਾਂ ਵਿਚ ਧਨ-ਦੌਲਤ ਇਕੱਠੀ ਹੋ ਗਈ। ਪਰ ਅੰਦਰੋਂ ਉਹ ਉਦਾਸ ਸੀ, ਬੇਚੈਨ ਰਹਿੰਦਾ ਸੀ। ਫਿਰ ਇੱਕ ਦਿਨ ਇੱਕ ਬੋਧੀ ਭਿਕਸ਼ੂ ਉਸਦੇ ਜੀਵਨ ਵਿੱਚ ਆਏ। ਉਹਨਾ ਨੇ ਆਪਣੇ ਪਿਆਰ ਦੀ ਬਿਰਤੀ ਨੂੰ ਸੰਸਾਰ ਤੋਂ ਮੋੜ ਕੇ ਕਰਤਾਰ ਵੱਲ ਅਰਥਾਤ ਪਰਮਾਤਮਾ ਵੱਲ ਮੋੜ ਦਿੱਤਾ। ਰੱਬ ਨਾਲ ਪ੍ਰੇਮ ਜੋੜਨ ਤੋਂ ਬਾਅਦ ਉਸੇ ‘ਹਿੰਸਕ’ ਅਸ਼ੋਕ ਨੂੰ ‘ਮਹਾਨ’ ਅਸ਼ੋਕ ਕਿਹਾ ਗਿਆ। ਇਸੇ ਲਈ ਸੰਤਾਂ-ਮਹਾਂਪੁਰਖਾਂ ਨੇ ਚੇਤਾਵਨੀ ਦਿੱਤੀ ਹੈ-ਹੇ ਮਨੁੱਖ, ਆਪਣੇ ਪਿਆਰੇ ਨੂੰ ਚੁਣਨ ਵਿਚ ਗਲਤੀ ਨਾ ਕਰੋ। ਦੁਨੀਆ ਨੂੰ ਆਪਣੇ ਪਿਆਰ ਦੀ ਵਸਤੂ ਨਾ ਬਣਾਓ। ਨਹੀਂ ਤਾਂ ਇਹ ਪਿਆਰ ਮੱਛੀ ਦੇ ਪਾਣੀ ਤੋਂ, ਭਵਰੇ ਦੇ ਕਮਲ ਤੋਂ ਅਤੇ ਕੀੜੇ ਦੇ ਦੀਵੇ ਤੋਂ ਹੋਣ ਵਾਲੇ ਪਿਆਰ ਦੇ ਬਰਾਬਰ ਦੁੱਖ ਦੇਵੇਗਾ। ਜੇ ਪਿਆਰ ਦੀ ਰੱਸੀ ਨੂੰ ਬੰਨ੍ਹਣਾ ਹੈ ਤਾਂ ਇਸ ਤਰ੍ਹਾਂ ਬੰਨ੍ਹੋ ਜਿਵੇਂ ਧਰਤੀ ਵਿੱਚੋ ਬੀਜ ਪੌਦਾ ਬਣਦਾ ਹੈ ਅਤੇ ਘੁਮਿਆਰ ਦੀ ਮਿੱਟੀ ਤੋਂ ਬਰਤਨ, ਅਤੇ ਅਜਿਹਾ ਕੇਵਲ ਉਸ ਪਰਮਾਤਮਾ ਨਾਲ ਜੁੜਿਆ ਪਿਆਰ ਹੀ ਸਾਡੀ ਰਚਨਾ ਅਤੇ ਕਲਿਆਣ ਕਰਦਾ ਹੈ। ਉਸਦਾ ਪਿਆਰ ਖੁਸ਼ੀ ਦਿੰਦਾ ਹੈ।
ਸਾਧਵੀ ਕ੍ਰਿਸ਼ਨਾ ਭਾਰਤੀ ਜੀ ਨੇ ਸੰਗਤ ਨੂੰ ਸਮਝਾਇਆ ਕਿ ਸਾਡੇ ਧਾਰਮਿਕ ਸ਼ਾਸਤਰ ਸਾਨੂੰ ਇੱਕ ਪਰਮਾਤਮਾ ਨਾਲ ਪ੍ਰੀਤ ਪਾਉਣ ਲਈ ਪ੍ਰੇਰਿਤ ਕਰਦੇ ਹਨ। ਜੋ ਸਦਾ ਸਾਡੇ ਨਾਲ ਨਿਭੇਗੀ। ਸੰਸਾਰ ਦਾ ਪ੍ਰੇਮ ਸਵਾਰਥ ਭਰਪੂਰ ਹੋ ਸਕਦਾ ਹੈ ਪਰ ਈਸ਼ਵਰ ਨਾਲ ਪ੍ਰੇਮ ਨਿਰਸਵਾਰਥ ਹੁੰਦਾ ਹੈ। ਈਸ਼ਵਰ ਨਾਲ ਪ੍ਰੀਤ ਪਾਉਣ ਲਈ ਈਸ਼ਵਰ ਦਰਸ਼ਨ ਜਰੂਰੀ ਹੈ ਜੌ ਇਕ ਪੂਰਨ ਅੰਤ ਦੀ ਸ਼ਰਨ ਵਿੱਚ ਜਾ ਕੇ ਹੀ ਹੋ ਸਕਦਾ ਹੈ । ਇਸ ਲਈ ਪੂਰਨ ਸੰਤ ਦੀ ਸ਼ਰਣਾਗਤ ਹੋ ਕੇ ਸਦੀਵੀ ਪ੍ਰੇਮ ਪ੍ਰਾਪਤ ਕਰਨਾ ਚਾਹੀਦਾ ਹੈ। ਅੰਤ ਵਿੱਚ ਸਾਧਵੀ ਦੀਪਿਕਾ ਭਾਰਤੀ ਜੀ ਵੱਲੋਂ ਸੁਮਧੁਰ ਭਜਨ ਗਾਏ ਗਏ