ਦਰਿਆ ਦੇ ਪਾਰ ਆਉਣ-ਜਾਣ ਲਈ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ ਬੇੜੇ, ਬੇੜਿਆਂ ਉੱਤੇ ਲਗਾਇਆ ਰਾਸ਼ਟਰੀ ਝੰਡਾ- ਵਿਧਾਇਕ ਪਿੰਕੀ
ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਨੇ ਸਤਲੁਜ ਦਰਿਆ ਨੇੜੇ ਵੱਸੇ ਲੋਕਾਂ ਦੀ ਸਹੂਲਤ ਲਈ ਦਿੱਤੇ ਜਾਣ ਵਾਲੇ ਬੇੜਿਆਂ ਦਾ ਕੀਤਾ ਨਿਰੀਖਣ, ਬੇੜਿਆਂ ਵਿਚ ਖ਼ੁਦ ਸਵਾਰ ਹੋ ਕੇ ਲਿਆ ਜਾਇਜ਼ਾ
ਦਰਿਆ ਦੇ ਪਾਰ ਆਉਣ-ਜਾਣ ਲਈ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ ਬੇੜੇ, ਬੇੜਿਆਂ ਉੱਤੇ ਲਗਾਇਆ ਰਾਸ਼ਟਰੀ ਝੰਡਾ- ਵਿਧਾਇਕ ਪਿੰਕੀ
ਫਿਰੋਜ਼ਪੁਰ 11 ਅਕਤੂਬਰ 2019 ( ) ਹਲਕੇ ਦੇ ਦਰਿਆਈ ਇਲਾਕਿਆਂ ਨੇੜੇ ਵਸੇ ਕਿਸਾਨਾਂ ਅਤੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਰਾਹਤ ਸਕੀਮ ਵਿਚੋਂ 40 ਲੱਖ ਰੁਪਏ ਦੀ ਗਰਾਂਟ ਨਾਲ 7 ਵੱਡੇ ਬੇੜੇ ਤਿਆਰ ਹੋ ਚੁੱਕੇ ਹਨ। ਇਹ ਜਾਣਕਾਰੀ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਵੀਰਵਾਰ ਨੂੰ ਖ਼ੁਦ ਬੇੜਿਆਂ ਵਿਚ ਸਵਾਰ ਹੋ ਕੇ ਬੇੜਿਆਂ ਦਾ ਨਿਰੀਖਣ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਦਰਿਆ ਪਾਰ ਆਪਣੀ ਫ਼ਸਲ ਦੀ ਸੰਭਾਲ ਖ਼ਾਤਰ ਆਉਣ-ਜਾਣ ਲਈ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਜਦਕਿ ਹੁਣ ਬੇੜੇ ਮਿਲ ਜਾਣ ਨਾਲ ਉਨ੍ਹਾਂ ਨੂੰ ਇੱਕ ਵੱਡੀ ਸਹੂਲਤ ਮਿਲੇਗੀ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਆਪਣੀ ਇਸ ਵੱਡੀ ਮੁਸ਼ਕਿਲ ਤੋਂ ਜਾਣੂ ਕਰਵਾਇਆ ਗਿਆ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਮੁਸ਼ਕਲ ਦੇ ਹੱਲ ਲਈ ਬੇੜਿਆਂ ਦੀ ਮੰਗ ਰੱਖੀ ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਮੁੱਖ ਮੰਤਰੀ ਵੱਲੋਂ ਆਪਣੇ ਰਿਲੀਫ ਫ਼ੰਡ ਵਿਚ 40 ਲੱਖ ਰੁਪਏ ਜਾਰੀ ਕੀਤੇ ਗਏ ਸਨ ਜਿਨ੍ਹਾਂ ਦੀ ਯੋਗ ਵਰਤੋਂ ਕਰਦਿਆਂ 7 ਬੇੜੇ ਤਿਆਰ ਹੋ ਚੁੱਕੇ ਹਨ ਅਤੇ ਅੱਜ ਉਨ੍ਹਾਂ ਵੱਲੋਂ ਇਨ੍ਹਾਂ ਬੇੜਿਆਂ ਵਿਚ ਖ਼ੁਦ ਸਵਾਰ ਹੋ ਕੇ ਇਨ੍ਹਾਂ ਨੂੰ ਚਲਾ ਕੇ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਇਹ ਬੇੜੇ ਲੋਕਾਂ ਦੀ ਸੇਵਾ ਲਈ ਦੇ ਦਿੱਤੇ ਜਾਣਗੇ।
ਸ੍ਰ: ਪਿੰਕੀ ਨੇ ਦੱਸਿਆ ਕਿ ਕੁੱਲ 7 ਬੇੜੇ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿਚ 3 ਬੇੜੇ 6*22 ਅਤੇ 4 ਬੇੜੇ 12*42 ਸਾਈਜ਼ ਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਡੇ ਬੇੜਿਆਂ ਵਿਚ ਕਿਸਾਨ ਆਪਣੇ ਟਰੈਕਟਰ-ਟਰਾਲੀ ਅਤੇ ਕੰਬਾਈਨ ਆਦਿ ਵੀ ਦਰਿਆ ਤੋਂ ਪਾਰ ਲਿਆ-ਲਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਿਚ ਦੇਸ਼ ਪ੍ਰਤੀ ਜਜ਼ਬਾ ਪੈਦਾ ਕਰਨ ਦੇ ਮਕਸਦ ਨਾਲ ਇਨ੍ਹਾਂ ਉੱਪਰ ਰਾਸ਼ਟਰੀ ਝੰਡਾ ਵੀ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇੜਿਆਂ ਨਾਲ ਪਿੰਡ ਭੱਖੜਾ, ਹਜ਼ਾਰੇ ਵਾਲਾ, ਗੱਟੀ ਰਾਜੋ ਕੇ, ਟੇਂਡੀ ਵਾਲਾ, ਕਮਾਲੇ ਵਾਲਾ, ਚੂਹੜੀ ਵਾਲਾ, ਖੂੰਦਰ, ਭਾਨੇ ਵਾਲਾ, ਕਾਲੂ ਵਾਲਾ, ਬਸਤੀ ਰਾਮਲਾਲ, ਨਿਹਾਲੇ ਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਅਤੇ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਵਿਧਾਇਕ ਪਿੰਕੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਇੱਕ ਸੁਪਨਾ ਸੀ ਜੋ ਅੱਜ ਪੂਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਬੱਚੇ 5ਵੀਂ ਤੋਂ ਬਾਅਦ ਸਕੂਲ ਨਹੀਂ ਸੀ ਜਾਂਦੇ ਹੁਣ ਉਹ ਬੇੜਿਆਂ ਦੀ ਮਦਦ ਨਾਲ ਸਕੂਲ ਵੀ ਪੜ੍ਹਨ ਜਾਇਆ ਕਰਨਗੇ।
ਇਸ ਤੋਂ ਇਲਾਵਾ ਬੀਤੇ ਦਿਨੀ ਪਾਕਿਸਤਾਨ ਵੱਲੋਂ ਸਰਹੱਦੀ ਇਲਾਕਿਆਂ ਵਿਚ ਡਰੋਨ ਭੇਜੇ ਗਏ ਸਨ ਉਸ ਸਬੰਧੀ ਉਨ੍ਹਾਂ ਪਿੰਡ ਵਾਲਿਆਂ ਨੂੰ ਜਾਗਰੂਕ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਬਹੁਤ ਹੀ ਬਹਾਦਰ ਹਨ ਤੇ ਉਹ ਜਾਣਦੇ ਹਨ ਕਿ ਕਿਸ ਤਰ੍ਹਾਂ ਪਾਕਿਸਤਾਨ ਦੀਆਂ ਇਹੋ ਜਿਹੀਆਂ ਹਰਕਤਾਂ ਦਾ ਜਵਾਬ ਦੇਣਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਇਹੋ ਜਿਹੀ ਕੋਈ ਵੀ ਹਰਕਤ ਦਾ ਪਤਾ ਚੱਲਦਾ ਹੈ ਤਾਂ ਉਹ ਤੁਰੰਤ ਬੀਐਸਐਫ ਜਾਂ ਪੁਲਿਸ ਨੂੰ ਸੂਚਿਤ ਕਰਨ। ਇਸ ਤੋਂ ਇਲਾਵਾ ਉਨ੍ਹਾਂ 24 ਘੰਟੇ ਪਿੰਡਾਂ ਦੇ ਲੋਕਾਂ ਨੂੰ ਠੀਕਰੀ ਪਹਿਰਾ ਰੱਖਣ ਲਈ ਵੀ ਕਿਹਾ ਅਤੇ ਆਖਿਆ ਕਿ ਇਸ ਕੰਮ ਲਈ ਉਹ ਇਹ ਤਿਆਰ ਕੀਤੇ ਬੇੜਿਆਂ ਦੀ ਵਰਤੋਂ ਵੀ ਕਰ ਸਕਦੇ ਹਨ।
ਇਸ ਦੌਰਾਨ ਜਗਤਾਰ ਸਿੰਘ ਮਲਾਹ ਨੇ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਕੀਤਾ ਗਿਆ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ। ਇਹ ਪਿੰਡ ਵਾਸੀਆਂ ਲਈ ਇੱਕ ਵੱਡੀ ਸਹੂਲਤ ਹੈ ਇਸ ਤੋਂ ਵਧੀਆ ਕੋਈ ਕਾਰਜ ਨਹੀਂ ਹੋ ਸਕਦਾ। ਉਨ੍ਹਾਂ ਇਸ ਕੰਮ ਲਈ ਵਿਧਾਇਕ ਦਾ ਧੰਨਵਾਦ ਵੀ ਕੀਤਾ। ਇਸ ਉਪਰੰਤ ਵਿਧਾਇਕ ਪਿੰਕੀ ਨੇ ਦੱਸਿਆ ਕਿ ਜਗਤਾਰ ਸਿੰਘ ਮਲਾਹ ਪਿਛਲੇ 40 ਸਾਲਾਂ ਤੋਂ ਫ਼ਰੀ ਸੇਵਾ ਨਿਭਾ ਰਿਹਾ ਹੈ ਤੇ ਦੇਸ਼ ਪ੍ਰਤੀ ਵਫ਼ਾਦਾਰ ਹੈ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਮਲਾਹ ਨੂੰ ਉਨ੍ਹਾਂ ਦੀ ਇਸ ਸੇਵਾ ਲਈ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ ਅਵਤਾਰ ਸਿੰਘ ਸਰਪੰਚ, ਰਿੰਕੂ ਗਰੋਵਰ, ਤਲਵਿੰਦਰ ਸਿੰਘ, ਧਰਮਜੀਤ ਹਾਂਡਾ, ਛਿੰਦਰਪਾਲ ਸਿੰਘ, ਸਰਪੰਚ ਭਗਵਾਨ ਸਿੰਘ ਅਲੀ ਕੇ, ਜਗਤਾਰ ਸਿੰਘ, ਕੁਲਬੀਰ ਸਿੰਘ, ਅਮਰ ਸਿੰਘ, ਵਿਰਸਾ ਸਿੰਘ ਸਰਪੰਚ, ਮੇਜਰ ਸਿੰਘ ਅਲੀ ਕੇ, ਅਮਰੀਕ ਸਿੰਘ ਅਲੀ ਕੇ, ਬਲਵੀਰ ਬਾਠ ਵਾਈਸ ਚੇਅਰਮੈਨ ਬਲਾਕ ਸੰਮਤੀ, ਰਿਸ਼ੀ ਸ਼ਰਮਾ, ਰਾਜਿੰਦਰ ਛਾਬੜਾ ਵਾਈਸ ਚੇਅਰਮੈਨ ਜਿਨਕੋ, ਸੁਖਵਿੰਦਰ ਸਿੰਘ ਅਟਾਰੀ, ਪ੍ਰਿੰਸ ਭਾਊ ਸਮੇਤ ਪਿੰਡਾਂ ਦੇ ਮੈਂਬਰ ਪੰਚ ਆਦਿ ਹਾਜ਼ਰ ਸਨ।