ਡੀ.ਸੀ. ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸਰਦ ਰੁੱਤ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ
ਡੀ.ਸੀ. ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸਰਦ ਰੁੱਤ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ
ਫਿਰੋਜ਼ਪੁਰ, 12 ਦਸੰਬਰ 2022: ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਆਈ.ਏ.ਐਸ. ਨੇ ਜ਼ਿਲ੍ਹਾ ਵਾਸੀਆਂ ਨੂੰ ਸਰਦ ਰੁੱਤ ਦੌਰਾਨ ਪੈ ਰਹੀ ਕੜਾਕੇ ਦੀ ਠੰਢ ਅਤੇ ਧੁੰਦ ਵਿਚ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਠੰਡ ਨਾਲ ਹੋਣ ਵਾਲੀਆਂ ਬੀਮਾਰੀਆਂ ਕਾਰਨ ਇਨਾਂ ਸਾਵਧਾਨੀਆਂ ਦੀ ਪਾਲਣਾ ਹੋਰ ਵੀ ਜ਼ਰੂਰੀ ਹੈ, ਕਿਉਂਕਿ ਸ਼ੀਤ ਲਹਿਰ ਦੌਰਾਨ ਫਲੂ, ਨੱਕ ਦਾ ਵਗਣਾ ਜਾਂ ਗਲਾ ਖ਼ਰਾਬ ਹੋਣਾ ਆਮ ਅਲਾਮਤਾਂ ਹਨ। ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਦ ਰੁੱਤ ਦੌਰਾਨ ਗਰਮ ਕੱਪੜਿਆਂ, ਦਸਤਾਨਿਆਂ ਅਤੇ ਮਫਲਰ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਨੱਕ, ਮੂੰਹ ਅਤੇ ਸਿਰ ਢੱਕ ਕੇ ਰੱਖਿਆ ਜਾਵੇ। ਇਸੇ ਤਰਾਂ ਪੈਰਾਂ ਨੂੰ ਠੰਢ ਤੋਂ ਬਚਾਉਣ ਲਈ ਬੰਦ ਜੁੱਤੀਆਂ ਦਾ ਇਸਤੇਮਾਲ ਕੀਤਾ ਅਤੇ ਭਿੱਜ ਜਾਣ ‘ਤੇ ਗਿੱਲੇ ਕੱਪੜੇ ਤੁਰੰਤ ਬਦਲ ਲਏ ਜਾਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਠੰਢ ਤੇ ਫਲੂ ਵਰਗੇ ਲੱਛਣਾਂ ਦੇ ਸੰਪਰਕ ਵਿਚ ਆਉਣ ਤੋਂ ਬਚਣ ਲਈ ਘਰਾਂ ਦੇ ਅੰਦਰ ਰਹਿਣ ਨੂੰ ਹੀ ਤਰਜੀਹ ਦਿੱਤੀ ਜਾਵੇ। ਘਰਾਂ ਦੇ ਦਰਵਾਜ਼ੇ ਅਤੇ ਖਿੜਕਿਆਂ ਚੰਗੀ ਤਰਾਂ ਬੰਦ ਰੱਖੇ ਜਾਣ ਤਾਂ ਜੋ ਠੰਢੀ ਹਵਾ ਅੰਦਰ ਨਾ ਆ ਸਕੇ। ਉਨ੍ਹਾਂ ਕਿਹਾ ਕਿ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਲਈ ਸਰੀਰ ਨੂੰ ਗਰਮ ਰੱਖਣਾ ਬੇਹੱਦ ਜ਼ਰੂਰੀ ਹੈ, ਇਸ ਲਈ ਵਿਟਾਮਿਨ-ਸੀ ਨਾਲ ਭਰਪੂਰ ਸੰਤੁਲਿਤ ਭੋਜਨ ਦੇ ਨਾਲ-ਨਾਲ ਥੋੜੇ-ਥੋੜੇ ਵਕਫੇ ‘ਤੇ ਗਰਮ ਤਰਲ ਪਦਾਰਥ ਵੀ ਲੈਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਘਰਾਂ ਅੰਦਰ ਗਰਮਾਇਸ਼ ਰੱਖਣ ਲਈ ਕੋਲ਼ੇ ਵਾਲੀ ਅੰਗੀਠੀ ਦਾ ਇਸਤੇਮਾਲ ਨਾ ਕੀਤਾ ਜਾਵੇ ਇਹ ਜਾਨਲੇਵਾ ਹੋ ਸਕਦਾ ਹੈ।
ਉਨ੍ਹਾਂ ਧੁੰਦ ਦੌਰਾਨ ਵਾਹਨ ਹੌਲੀ ਚਲਾਉਣ, ਆਪਣੇ ਵਾਹਨਾਂ ਦੀਆਂ ਲਾਈਟਾਂ ਠੀਕ ਕਰਵਾ ਕੇ ਰੱਖਣ ਅਤੇ ਵਾਹਨ ਚਲਾਉਣ ਵੇਲੇ ਸੰਗੀਤ ਦੀ ਆਵਾਜ਼ ਮੱਧਮ ਰੱਖਣ ਦੀ ਅਪੀਲ ਵੀ ਕੀਤੀ। ਇਸੇ ਤਰਾਂ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਦ ਰੁੱਤ ਦੌਰਾਨ ਫ਼ਸਲਾਂ ਦੇ ਸਹੀ ਵਿਕਾਸ ਲਈ ਖ਼ੁਰਾਕੀ ਤੱਤਾਂ ਦਾ ਖਾਸ ਖਿਆਲ ਰੱਖਣ। ਉਨਾਂ ਕਿਹਾ ਕਿ ਸਰਦ ਰੁੱਤ ਦੌਰਾਨ ਫੁਹਾਰਾ ਸਿੰਚਾਈ ਫ਼ਸਲਾਂ ਲਈ ਕਾਫੀ ਹੱਦ ਤੱਕ ਲਾਹੇਵੰਦ ਸਾਬਿਤ ਹੁੰਦੀ ਹੈ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਪਾਲਤੂ ਪਸ਼ੂਆਂ ਨੂੰ ਵੀ ਠੰਢ ਕੇ ਪ੍ਰਕੋਪ ਤੋਂ ਬਚਾਉਣ ਲਈ ਅਤੇ ਤਬੇਲਿਆਂ ਅੰਦਰ ਸਿੱਧੀ ਹਵਾ ਜਾਣ ਤੋਂ ਰੋਕਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
—-