Ferozepur News

ਡਿਪਟੀ ਕਮਿਸ਼ਨਰ ਵੱਲੋਂ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਅਤੇ ਮਰੀਜ਼ਾਂ ਦੇ ਇਲਾਜ ਲਈ ਸਿਹਤ ਵਿਭਾਗ ਨੂੰ ਹਦਾਇਤਾਂ

DC VISTS CIVIL HOSPITAL
ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਮੁਫ਼ਤ ਟੈਸਟ ਤੇ ਇਲਾਜ ਦਾ ਪ੍ਰਬੰਧ
ਫ਼ਿਰੋਜ਼ਪੁਰ 23 ਸਤੰਬਰ 2016( ) ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਵੱਲੋਂ ਡੇਂਗੂ ਦੇ ਮਰੀਜ਼ਾਂ ਦੇ ਚੱਲ ਰਹੇ ਇਲਾਜ ਅਤੇ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਅਤੇ ਲੋਕਾਂ ਨੂੰ ਇਸ ਦੇ ਬਚਾਅ ਸਬੰਧੀ ਜਾਗਰੂਕ ਕਰਨ ਦੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਿਵਲ ਹਸਪਤਾਲ ਫਿਰੋਜਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ.ਜੈ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਵਾਰਡ ਨੰ:27 ਫਿਰੋਜਪੁਰ ਸ਼ਹਿਰ ਵਿਖੇ ਚੱਲ ਰਹੇ ਫੋਗਿੰਗ ਦਾ ਕੰਮ ਦਾ ਵੀ ਜਾਇਜਾ ਲਿਆ।
ਸਿਵਲ ਸਰਜਨ ਡਾ.ਜੈ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆਂ ਕਿ ਜ਼ਿਲ੍ਹੇ ਵਿਚ ਹੁਣ ਤੱਕ 65 ਕੇਸ ਸਾਹਮਣੇ ਆਏ ਸਨ, ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਾਰਡਾਂ ਦਾ ਦੌਰਾ ਕਰ ਕੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ  ਬਾਰੇ ਜਾਣਕਾਰੀ ਲਈ ਗਈ ਤੇ ਸਿਵਲ ਸਰਜਨ ਨੂੰ ਮੁਸ਼ਕਿਲਾਂ ਦੇ ਹੱਲ ਲਈ ਮੌਕੇ ਤੇ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਅਧਿਕਾਰੀਆਂ ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 211, 219 ਦਾ ਸਖ਼ਤੀ ਨਾਲ ਪਾਲਣ ਕਰਨ ਦੇ ਆਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰ ਦੇ ਅੰਦਰ ਅਤੇ ਛੱਤਾ ਉੱਪਰ ਪਏ ਫ਼ਾਲਤੂ ਸਮਾਨ ਦਾ ਨਿਪਟਾਰਾ ਕਰਨ ਅਤੇ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਹੌਦੀਆਂ, ਫ਼ਰਿਜ ਪਿੱਛੇ ਲੱਗੀ ਫ਼ਾਲਤੂ ਪਾਣੀ ਦੀ ਟ੍ਰੇਆਂ ਨੂੰ ਹਫਤੇ ਵਿੱਚ 1 ਦਿਨ ਸਾਫ ਕੀਤਾ ਜਾਵੇ। ਜੇਕਰ ਕਿਸੇ ਘਰ ਜਾਂ ਦਫਤਰ ਵਿੱਚ ਇਕੱਠੇ ਹੋਏ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਘਰ ਜਾਂ ਦਫ਼ਤਰ ਦੇ ਮੁੱਖੀ ਦਾ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ 500 ਤੋ 11000 ਰੁਪਏ ਤੱਕ ਦਾ ਚਲਾਨ ਕੀਤਾ ਜਾ ਸਕਦਾ ਹੈ।  ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਡੇਂਗੂ ਦੇ ਬਚਾਅ ਲਈ ਬਣਾਈਆਂ ਕਮੇਟੀਆਂ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਵਾਇਆ ਜਾਵੇ ਅਤੇ ਪਿੰਡਾਂ ਦੀਆਂ ਸਿਹਤ ਤੇ ਸਫ਼ਾਈ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਬਰਸਾਤੀ ਪਾਣੀ ਦੇ ਟੋਇਆ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਡੇਂਗੂ ਤੇ ਮਲੇਰੀਆ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਦਾ ਸਰਵੇ ਕਰਵਾਇਆ ਜਾਵੇ ਅਤੇ ਆਸ਼ਾ ਵਰਕਰਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਨਗਰ/ਕੌਸਲਾਂ ਪਿੰਡਾਂ ਵਿਚ ਡੇਂਗੂ ਤੋਂ ਬਚਾਅ ਲਈ ਫੋਗਿੰਗ ਤੋਂ ਇਲਾਵਾ ਛੱਪੜਾ ਵਿਚ ਮਿੱਟੀ ਦੇ ਤੇਲ ਦਾ ਛਿੜਕਾਓ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜਪੁਰ ਸ਼ਹਿਰ ਦੇ ਵੱਖ ਵੱਖ ਵਾਰਡਾਂ ਅਤੇ ਸਲੱਮ ਇਲਾਕਿਆਂ ਵਿਚ ਫੋਗਿੰਗ ਕਰਵਾਉਣ ਦਾ ਪ੍ਰੋਗਰਾਮ ਉਲੀਕਿਆਂ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਤੀ  23-09-2016 ਨੂੰ ਵਾਰਡ ਨੰ:27, ਮਿਤੀ  26-09-2016 ਨੂੰ ਵਾਰਡ ਨੰ:22, ਮਿਤੀ 27-09-2016 ਨੂੰ ਵਾਰਡ ਨੰ: 20, ਮਿਤੀ 28-09-2016 ਨੂੰ ਵਾਰਡ ਨੰ:29, ਮਿਤੀ 29-09-2016 ਨੂੰ ਵਾਰਡ ਨੰ:24 ਅਤੇ ਮਿਤੀ 30-09-2016 ਨੂੰ ਵਾਰਡ ਨੰ: 25 ਵਿਚ ਫੋਗਿੰਗ ਸਪਰੇਅ ਕਰਵਾਈ ਜਾਵੇਗੀ ।
ਸਿਵਲ ਸਰਜਨ ਡਾ. ਜੈ ਸਿੰਘ ਨੇ  ਡੇਂਗੂ ਬੁਖ਼ਾਰ ਦੇ ਲੱਛਣ ਬਾਰੇ ਦੱਸਿਆ ਕਿ  ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਥਕਾਵਟ ਮਹਿਸੂਸ ਹੋਣਾ, ਚਮੜੀ ਤੇ ਦਾਣੇ ਅਤੇ ਹਾਲਤ ਖ਼ਰਾਬ ਹੋਣ ਤੇ ਨੱਕ , ਮੂੰਹ ਅਤੇ ਮਸੂੜ੍ਹਿਆਂ ਵਿਚੋਂ ਖ਼ੂਨ ਵਗਣਾ ਆਦਿ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਬੁਖ਼ਾਰ ਦੌਰਾਨ ਉਪਰੋਕਤ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਸੰਪਰਕ ਕਰੋ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖ਼ਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਬੁਖ਼ਾਰ ਵਿਚ ਐਸਪਰੀਨ ਜਾਂ ਬਰੂਫਨ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਬੁਖ਼ਾਰ ਵਿੱਚ ਪੈਰਾਸੀਟਾਮੋਲ ਜਾਂ ਕਰੋਸਿਨ ਦਵਾਈ ਦੀ ਹੀ ਵਰਤੋ ਕੀਤੀ ਜਾਵੇ। ਇਸ ਮੋਕੇ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਡਾ.ਪ੍ਰਵੀਤ ਅਗਰਵਾਲ ਐਸ.ਐਮ.ਓ, ਡਾ. ਮੀਨਾਕਸ਼ੀ ਅਬਰੋਲ ਜ਼ਿਲ੍ਹਾ ਐਪੀਡੀਮੋਲੋਜਿਸਟ, ਡਾ. ਗੁਰਮੀਤ ਗੁਰਾਇਆ, ਡਾ.ਮਨਪ੍ਰੀਤ ਸਿੰਘ, ਸ.ਅਮਰੀਕ ਸਿੰਘ ਜਿਲ੍ਹਾ ਲੋਕ ਸੰਪਰਕ ਅਫਸਰ ਸਮੇਤ ਸਿਹਤ ਵਿਭਾਗ  ਅਧਿਕਾਰੀ ਅਤੇ ਨਗਰ ਕੌਂਸਲਰ ਵੀ ਹਾਜਰ ਸਨ।

Related Articles

Back to top button