ਡਿਪਟੀ ਕਮਿਸ਼ਨਰ ਵੱਲੋਂ ਗਣਤੰਤਰ ਦਿਵਸ ਸਮਾਗਮ ਸਬੰਧੀ ਫ਼ੁਲ ਡਰੈੱਸ ਰਿਹਰਸਲ ਦਾ ਕੀਤਾ ਗਿਆ ਨਿਰੀਖਣ
ਡਿਪਟੀ ਕਮਿਸ਼ਨਰ ਸੀ੍ਰ. ਚੰਦਰ ਗੈਂਦ ਆਈ.ਏ.ਐੱਸ. ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਰਾਸ਼ਟਰੀ ਤਿਰੰਗਾ ਝੰਡਾ ਲਹਿਰਾ ਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ. ਵਿਵੇਕਸ਼ੀਲ ਸੋਨੀ ਵੀ ਹਾਜ਼ਰ ਸਨ।
ਫੁੱਲ ਡਰੈੱਸ ਰਿਹਰਸਲ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨੂੰ ਸਮਰਪਿਤ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦੀ ਕੀਤੀ ਗਈ ਪੇਸ਼ਕਾਰੀ ਦਾ ਆਨੰਦ ਮਾਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਉਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਸਮਾਗਮ ਮੌਕੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ੍ਰੀ. ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਉਹ ਪਹਿਲਾ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਤੇ ਬਾਅਦ ਵਿੱਚ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਪੁਲਿਸ, ਪੰਜਾਬ ਹੋਮ ਗਾਰਡ ਅਤੇ ਐਨ.ਸੀ.ਸੀ ਅਤੇ ਜੀ.ਓ.ਜੀ ਦੀ ਪਰੇਡ ਤੋਂ ਇਲਾਵਾ ਫ਼ੌਜ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ ਦੇ ਬੈਂਡ ਅਤੇ ਪੰਜਾਬ ਦੇ ਲੋਕ ਨਾਚ ਗਿੱਧਾ ਤੇ ਭੰਗੜਾ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆ ਵੱਲੋਂ ਦੇਸ਼ ਭਗਤੀ ਨੂੰ ਸਮਰਪਿਤ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਆਪਣੀ ਵਿਭਾਗੀ ਸਕੀਮਾਂ ਦੀਆਂ ਝਾਕੀਆਂ ਵੀ ਕੱਢੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 26 ਜਨਵਰੀ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਤਾਂ ਜੋ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਪ੍ਰੀਤਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗਣਤੰਤਰਤਾ ਦਿਵਸ ਦੇ ਸਬੰਧ ਵਿੱਚ ਪੂਰੇ ਜ਼ਿਲ੍ਹੇ ਅੰਦਰ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਦੇ ਮਾਮਲੇ ਵਿੱਚ ਪੁਲਿਸ ਦੇ ਜਵਾਨਾਂ ਤੇ ਅਧਿਕਾਰੀਆਂ ਨਾਲ ਪੂਰਨ ਸਹਿਯੋਗ ਕਰਨ। ਰਿਹਰਸਲ ਦੌਰਾਨ ਮਨਦੀਪ ਸਿੰਘ ਵੱਲੋਂ ਮੋਟਰਸਾਈਕਲ ਤੇ ਖੜ੍ਹੇ ਹੋ ਕੇ ਦੇਸ਼ ਭਗਤੀ ਦਾ ਕਰਤੱਬ ਦਿਖਾਇਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰੀ. ਰਵਿੰਦਰ ਸਿੰਘ, ਐੱਸ.ਡੀ.ਐੱਮ. ਸ੍ਰੀ. ਅਮਿੱਤ ਗੁਪਤਾ, ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਕੁਲਵਿੰਦਰ ਕੌਰ, ਸਿਵਲ ਸਰਜਨ ਡਾ. ਹਰੀ ਨਰਾਇਣ, ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰੁਪਿੰਦਰ ਕੌਰ, ਪ੍ਰੋਗਰਾਮ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਜੰਗਲਾਤ ਅਫ਼ਸਰ ਤਰਸੇਮ ਸਿੰਘ ਘਾਰੂ, ਐੱਸ.ਪੀ.ਐੱਚ. ਐੱਮ. ਐੱਸ.ਚੀਮਾ, ਐੱਸ.ਪੀ.ਡੀ. ਬਲਜੀਤ ਸਿੰਘ ਸੰਧੂ, ਰਵੀਇੰਦਰ ਸਿੰਘ, ਈਸ਼ਵਰ ਸਿੰਘ ਅਤੇ ਵਿਕਾਸ ਕਾਲੜਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।