Ferozepur News

ਡਾਕਟਰ- ਪਰਮਾਤਮਾ ਦਾ ਇੱਕ ਪ੍ਰਤੀਬਿੰਬ- ਦੀਪਕ ਸ਼ਰਮਾ

*ਡਾਕਟਰ- ਪਰਮਾਤਮਾ ਦਾ ਇੱਕ ਪ੍ਰਤੀਬਿੰਬ- ਦੀਪਕ ਸ਼ਰਮਾ *

ਡਾਕਟਰ- ਪਰਮਾਤਮਾ ਦਾ ਇੱਕ ਪ੍ਰਤੀਬਿੰਬ- ਦੀਪਕ ਸ਼ਰਮਾ
ਡਾਕਟਰ ਨੂੰ ਸਾਡੇ ਦੇਸ਼ ਵਿੱਚ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਕਿਸੇ ਵੀ ਰੋਗ ਤੋਂ ਛੁਟਕਾਰਾ ਪਾਉਣ ਲਈ ਅਸੀਂ ਉਨ੍ਹਾਂ ਵੱਲ ਹੀ ਵੇਖਦੇ ਹਾਂ ਆਮ ਲੋਕਾਂ ਵਿੱਚ ਡਾਕਟਰਾਂ ਪ੍ਤੀ ਬਹੁਤ ਉਮੀਦ ਤੇ ਵਿਸ਼ਵਾਸ ਹੁੰਦਾ ਹੈ ਜਿਸ ਕਰਕੇ ਲੋਕ ਡਾਕਟਰਾਂ ਨੂੰ ਲਗਭਗ ਪੂਜਦੇ ਹਨ । ਡਾਕਟਰੀ ਨੂੰ ਪੇਸ਼ਾ ਘੱਟ ਅਤੇ ਸੇਵਾ ਜਿਆਦਾ ਮੰਨਿਆ ਜਾਂਦਾ ਹੈ । ਜਿਆਦਾਤਰ ਡਾਕਟਰ ਅਜਿਹੇ ਹਨ ਜੋ ਇਸ ਪੇਸ਼ੇ ਦੀ ਸਹੀ ਕੀਮਤ ਨੂੰ ਸਮਝਦੇ ਹਨ, ਜਿਸ ਨੂੰ ਉਨ੍ਹਾਂ ਨੇ ਚੁਣਿਆ ਹੈ । ਡਾਕਟਰ ਦਿਵਸ ਅਜਿਹੇ ਡਾਕਟਰਾਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਹੈ ।
ਭਾਰਤ ਵਿੱਚ ਹਰ ਸਾਲ ਇੱਕ ਜੁਲਾਈ ਨੂੰ ਡਾਕਟਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ।ਇਸ ਦਿਵਸ ਨੂੰ ਮਨਾਉਣ ਦਾ ਮੁੱਖ ਕਾਰਨ ਇੱਕ ਡਾਕਟਰ ਨੂੰ ਉਸਦੇ ਮਹੱਤਵ ਦਾ ਅਹਿਸਾਸ ਕਰਵਾਉਣਾ ਅਤੇ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਸਨਮਾਨ ਦੇਣਾ ਹੈ। ਕੇਵਲ ਡਾਕਟਰ ਹੀ ਨਹੀਂ, ਇਹ ਦਿਨ ਚਿਕਿਤਸਾ ਉਦਯੋਗ ਅਤੇ ਉਸਦੀ ਉੱਨਤੀ ਲਈ ਵੀ ਮਨਾਇਆ ਜਾਂਦਾ ਹੈ । ਨਵੀਆਂ ਤਕਨੀਕਾਂ ਦੇ ਮਾਧਿਅਮ ਨਾਲ ਲੋਕਾਂ ਦੇ ਜੀਵਨ ਨੂੰ ਵਧੀਆ ਬਣਾਉਣ ਲਈ ਡਾਕਟਰਾਂ ਦੀਆਂ ਕੋਸ਼ਿਸ਼ਾਂ ਭਾਰਤ ਵਿੱਚ ਲਗਾਤਾਰ ਹੋ ਰਹੀਆਂ ਹਨ ਅਤੇ ਇਹ ਦਿਨ ਉਨ੍ਹਾਂ ਉਪਲਬਧੀਆਂ ਨੂੰ ਵੀ ਉਜਾਗਰ ਕਰਦਾ ਹੈ ।
ਡਾਕਟਰਾਂ ਦੇ ਬਾਰੇ ਵਿੱਚ ਰੋਚਕ ਤੱਥ-
ਡਾਕਟਰ ਦਿਵਸ ਦੁਨੀਆਂ ਭਰ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਅਲੱਗ-ਅਲੱਗ ਤਰੀਕਾਂ ਨੂੰ ਮਨਾਇਆ ਜਾਂਦਾ ਹੈ , ਜਿਵੇਂ ਭਾਰਤ ਵਿੱਚ ਇਹ ਇੱਕ ਜੁਲਾਈ ਨੂੰ ਮਨਾਇਆ ਜਾਂਦਾ ਹੈ । ਬਰਾਜੀਲ ਵਿੱਚ ਇਹ 18 ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਜਦੋਂ ਕਿ ਅਮਰੀਕਾ ਵਿੱਚ ਇਹ 30 ਮਾਰਚ ਨੂੰ ਮਨਾਇਆ ਜਾਂਦਾ ਹੈ । ਅਮਰੀਕੀ ਰਾਜ ਜਾਰਜੀਆ ਵਿੱਚ 30 ਮਾਰਚ ਨੂੰ ਸਾਲ 1933 ਵਿੱਚ ਪਹਿਲੀ ਵਾਰ ਡਾਕਟਰ ਦਿਵਸ ਮਨਾਇਆ ਗਿਆ ਸੀ । ਇਸ ਵਿੱਚ ਡਾਕਟਰਾਂ ਨੂੰ ਕਾਰਡ ਭੇਜਣਾ ਅਤੇ ਮਿ੍ਤਕ ਡਾਕਟਰਾਂ ਦੀਆਂ ਕਬਰਾਂ ਤੇ ਫੁੱਲ ਚੜਾਉਣਾ ਸ਼ਾਮਿਲ ਸੀ ।
ਰਾਸ਼ਟਰੀ ਡਾਕਟਰ ਦਿਵਸ ਦਾ ਇਤਿਹਾਸ ਅਤੇ ਇਹ ਭਾਰਤ ਵਿੱਚ ਇੱਕ ਜੁਲਾਈ ਨੂੰ ਕਿਓਂ ਮਨਾਇਆ ਜਾਂਦਾ ਹੈ ?
1991 ਤੋਂ ਭਾਰਤ ਸਰਕਾਰ ਦੁਆਰਾ ਹਰ ਸਾਲ 1 ਜੁਲਾਈ ਨੂੰ ਰਾਸ਼ਟਰੀ ਡਾਕਟਰੀ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਸੁਰੂਆਤ ਕੀਤੀ ਗਈ ।ਭਾਰਤ ਦੇ ਪ੍ਰਸਿੱਧ ਡਾਕਟਰ ਬਿਧਾਨ ਚੰਦਰ ਰਾਏ ਨੂੰ ਸ਼ਰਧਾਂਜਲੀ ਅਤੇ ਸਨਮਾਨ ਦੇਣ ਲਈ ਇੱਕ ਜੁਲਾਈ ਨੂੰ ਡਾਕਟਰੀ ਦਿਵਸ ਉਨ੍ਹਾਂ ਦੇ ਜਨਮ ਦਿਵਸ ਅਤੇ ਬਰਸੀ ਨੂੰ ਮੁੱਖ ਰੱਖ ਕੇ ਮਨਾਇਆ ਜਾਂਦਾ ਹੈ । 4 ਫਰਵਰੀ 1961 ਨੂੰ ਉਨ੍ਹਾਂ ਨੂੰ ਭਾਰਤ ਦੇ ਸਰਵਉੱਚ ਸਨਮਾਨ ਭਾਰਤ ਰਤਨ ਨਾਲ ਨਿਵਾਜਿਆ ਗਿਆ ।
ਉਨ੍ਹਾਂ ਦਾ ਜਨਮ ਇੱਕ ਜੁਲਾਈ 1882 ਨੂੰ ਬਿਹਾਰ ਦੇ ਪਟਨਾ ਵਿੱਚ ਹੋਇਆ ਸੀ । ਉਹ ਪੱਛਮੀ ਬੰਗਾਲ ਦੇ ਦੂਸਰੇ ਮੁੱਖ ਮੰਤਰੀ ਵੀ ਬਣੇ। ਇਸ ਦੁਨੀਆਂ ਵਿੱਚ ਆਪਣੀ ਮਹਾਨ ਸੇਵਾ ਦੇਣ ਤੋਂ ਬਾਅਦ ਸਾਲ ਦੀ 80 ਸਾਲ ਦੀ ਉਮਰ ਵਿੱਚ 1962 ਨੂੰ ਆਪਣੇ ਜਨਮ ਦਿਵਸ ਵਾਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ । ਉਨ੍ਹਾਂ ਨੂੰ ਸਨਮਾਨ ਅਤੇ ਸ਼ਰਧਾਂਜਲੀ ਦੇਣ ਲਈ ਸਾਲ 1976 ਵਿੱਚ ਉਨ੍ਹਾਂ ਦੇ ਨਾਮ ਤੇ ਡਾਕਟਰ ਬੀ.ਸੀ. ਰਾਏ ਰਾਸ਼ਟਰੀ ਪੁਰਸਕਾਰ ਦੀ ਸੁਰੂਆਤ ਹੋਈ।
ਭਾਰਤ ਵਿੱਚ ਇਹ ਇੱਕ ਮਹਾਨ ਰੀਤ ਹੈ ਕਿ ਜੋ ਆਪਣੇ ਮਹੱਤਵਪੂਰਨ ਭੂਮਿਕਾ ਅਤੇ ਜੁੰਮੇਵਾਰੀ ਨਾਲ ਹੀ ਹਰ ਇੱਕ ਦੇ ਜੀਵਨ ਵਿੱਚ ਡਾਕਟਰ ਦੀ ਅਸਲ ਜਰੂਰਤ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ । ਡਾਕਟਰਾਂ ਦੀ ਬਹੁਮੁੱਲੀ ਸੇਵਾ, ਭੂਮਿਕਾ ਅਤੇ ਮਹੱਤਵ ਦੇ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਜਾਗਰੂਕਤਾ ਅਭਿਆਨ ਦਾ ਆਰੰਭ ਕੀਤਾ ਗਿਆ । ਇਹ ਡਾਕਟਰ ਦਿਵਸ ਉਤਸਵ ਦੇ ਰੂਪ ਵਿੱਚ ਇਸ ਅਭਿਆਨ ਦੀ ਮਦਦ ਕਰਦਾ ਹੈ । ਭਾਰਤ ਦੀ ਵਿਸ਼ਾਲ ਜਨਸੰਖਿਆ ਕੲੀ ਤਰੀਕਿਆਂ ਨਾਲ ਡਾਕਟਰ ਅਤੇ ਉਸਦੇ ਗੁਣਵੱਤਾ ਪੂਰਨ ਇਲਾਜ ਉਪਰ ਨਿਰਭਰ ਕਰਦੀ ਹੈ । ਇਹੋ ਜਿਹੇ ਡਾਕਟਰ ਜੋ ਉਪਾਅ ਅਤੇ ਇਲਾਜ ਦੇ ਤਰੀਕੇ ਵਿੱਚ ਵਿਸ਼ੇਸ਼ ਸੁਧਾਰ ਅਤੇ ਪ੍ਗਤੀ ਨੂੰ ਦਿਖਾਉਂਦੇ ਹਨ, ਉਨ੍ਹਾਂ ਲਈ ਇਹ ਉਤਸ਼ਾਹ ਵਧਾਊ ਹੈ । ਇਹ ਦਿਵਸ ਉਨ੍ਹਾਂ ਲਈ ਸਾਲਾਨਾ ਉਤਸਵ ਸਾਬਤ ਹੋਇਆ ਹੈ । ਜੀਵਨ ਬਚਾਉਣ ਵਾਲੇ ਡਾਕਟਰੀ ਪੇਸ਼ੇ ਦੀ ਜੁੰਮੇਵਾਰੀ ਨੂੰ ਸਮਝਣ ਲਈ ਅਤੇ ਸਾਰੇ ਡਾਕਟਰਾਂ ਨੂੰ ਇਕੱਠਾ ਕਰਨ ਲਈ ਇਹ ਜਾਗਰੂਕਤਾ ਅਭਿਆਨ ਅਤੇ ਇਹ ਡਾਕਟਰ ਦਿਵਸ ਮਨਾਉਣਾ ਇੱਕ ਮਹਾਨ ਰਸਤਾ ਹੈ ।
ਸੰਪੂਰਨ ਪੇਸ਼ੇਵਰ ਡਾਕਟਰਾਂ ਦੇ ਲਈ ਸਨਮਾਨ ਦੇ ਦਿਨ ਦੇ ਰੂਪ ਵਿੱਚ ਰਾਸ਼ਟਰੀ ਡਾਕਟਰ ਦਿਵਸ ਨੂੰ ਮਨਾਇਆ ਜਾਂਦਾ ਹੈ ਜੋ ਮਰੀਜਾਂ ਦੇ ਜੀਵਨ ਬਚਾਉਣ ਵਿੱਚ ਆਪਣਾ ਬਿਹਤਰੀਨ ਯਤਨ ਲਗਾ ਦਿੰਦੇ ਹਨ। ਡਾਕਟਰੀ ਦਿਵਸ ਅਰਥਾਤ ਇੱਕ ਪੂਰਾ ਦਿਨ ਜੋ ਮੈਡੀਕਲ ਪੇਸ਼ੇ ਖਾਸ ਤੌਰ ਤੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਅਤੇ ਭੂਮਿਕਾ ਨੂੰ ਯਾਦ ਕਰਨ ਲਈ ਸਮਰਪਿਤ ਹੋਵੇ। ਇਹ ਇੱਕ ਦਿਨ ਹੈ ਉਨ੍ਹਾਂ ਨੂੰ ਬਹੁਤ ਸਾਰਾ ਧੰਨਵਾਦ ਕਹਿਣ ਦਾ ਜਿਨ੍ਹਾਂ ਨੇ ਆਪਣੇ ਮਰੀਜਾਂ ਦਾ ਪੂਰਾ ਧਿਆਨ ਰੱਖਿਆ ਅਤੇ ਉਨ੍ਹਾਂ ਨੂੰ ਪਿਆਰ ਦਿੱਤਾ ।
ਵਿਸ਼ਵ ਵਿੱਚ ਅਨੇਕ ਡਾਕਟਰੀ ਪਦਤੀਆਂ ਪ੍ਰਚੱਲਿਤ ਹਨ। ਜਿਵੇਂ ਕਿ ਐਲੋਪੈਥੀ, ਆਯੂਰ, ਹੋਮਿਓਪੈਥੀ, ਯੂਨਾਨੀ, ਇਲੈਕਟ੍ਰੋਪੈਥੀ, ਪ੍ਕਿਰਤਿਕ ਚਿਕਤਸਾ, ਆਹਾਰ ਚਿਕਿਤਸਾ, ਸੰਗੀਤ ਚਿਕਿਤਸਾ, ਹਾਸ ਯੋਗ, ਹਾਸਾ ਥੈਰੇਪੀ ਆਦਿ। ਡਾਕਟਰ ਨੂੰ ਮਰੀਜ ਨੂੰ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਹਾਡੀ ਬਿਮਾਰੀ ਲਾਇਲਾਜ ਹੈ ਬਲਕਿ ਇਹ ਕਹਿਣਾ ਚਾਹੀਦਾ ਹੈ ਕਿ ਤੁਹਾਡਾ ਇਲਾਜ ਸਾਡੀ ਪੈਥੀ ਵਿੱਚ ਨਹੀਂ ਹੈ । ਜਿਥੇ ਦਵਾਈ ਕੰਮ ਨਹੀਂ ਕਰਦੀ ਉਥੇ ਅਰਦਾਸ ਭਰੀ ਉਮੀਦ ਕੰਮ ਕਰਦੀ ਹੈ ।
ਸਿਹਤ ਤਜੁਰਬੇਕਾਰਾਂ ਦਾ ਵਿਚਾਰ ਹੈ ਕਿ ਜੋ ਵਿਅਕਤੀ ਉਤਸ਼ਾਹ ਭਰਪੂਰ ਹੋਵੇਗਾ, ਖੁਸ਼ ਹੋਵੇਗਾ, ਸੰਤੁਸ਼ਟ ਹੋਵੇਗਾ, ਉਸ ਨੂੰ ਕਦੇ ਵੀ ਕਿਸੇ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹ ਬਿਮਾਰ ਵੀ ਹੋ ਜਾਵੇ ਤਾਂ ਵੀ ਜਲਦੀ ਠੀਕ ਹੋ ਜਾਂਦਾ ਹੈ ।
ਹੱਸਣ ਨਾਲ ਸਾਡੇ ਸਰੀਰ ਵਿੱਚ ਪੇਟ ਦੇ ਮਸਲਾਂ ਵਿੱਚ ਲੈਅ ਬੱਧ ਹਲਚਲ ਪੈਦਾ ਹੁੰਦੀ ਹੈ , ਅਤੇ ਅੰਤੜੀਆਂ ਵਿੱਚ ਵੀ ਸੰਤੁਲਿਤ ਨਿਰਮਾਣ ਪੈਦਾ ਹੁੰਦਾ ਹੈ । ਇਸ ਕਾਰਨ ਪਾਚਨ ਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ । ਅਮਰੀਕਾ ਦੀਆਂ ਕੲੀ ਯੂਨੀਵਰਸਿਟੀਆਂ ਨੇ ਹਾਸੇ ਉਪਰ ਖੋਜ ਕੀਤੀ ਹੈ ਅਤੇ ਇਹ ਨਤੀਜਾ ਕੱਢਿਆ ਹੈ ਕਿ ਹਾਸਾ ਮਨੁੱਖ ਦੇ ਮਨ ਦੇ ਪੱਧਰ ਉੱਤੇ ਸੰਤੋਖ ਦੀਆਂ ਲਹਿਰਾਂ ਦਾ ਨਿਰਮਾਣ ਕਰਦਾ ਹੈ । ਰਸਾਇਣਕ ਖੇਤੀ, ਪ੍ਰਦੂਸ਼ਣ ਅਤੇ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਆਦਿ ਵੀ ਅਨੇਕ ਰੋਗਾਂ ਦਾ ਮੁੱਖ ਕਾਰਨ ਹੈ ।
ਡਾਕਟਰਾਂ ਨੂੰ ਆਪਣੇ ਮਰੀਜਾਂ ਨੂੰ ਨਿਯਮਤ ਰੂਪ ਵਿੱਚ ” ਕਰੋ ਯੋਗ ਰਹੋ ਨਿਰੋਗ” ਦੀ ਸਲਾਹ ਵੀ ਦੇਣੀ ਚਾਹੀਦੀ ਹੈ ।
ਸਿੱਟਾ:- ਅੱਜ ਇਸ ਕਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਵਿੱਚ ਡਾਕਟਰਾਂ ਦੀ ਭੂਮਿਕਾ ਹੋਰ ਵੀ ਚੁਣੌਤੀ ਪੂਰਨ ਹੋ ਗਈ ਹੈ । ਇਹ ਅਸਲ ਯੋਧਾ ਬਣ ਕੇ ਉਭਰੇ ਹਨ ।ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਇਹ ਜੀਅ ਜਾਨ ਨਾਲ ਜੁਟੇ ਹਨ। ਇਹਨਾਂ ਦੇ ਇਸੇ ਜਜਬੇ ਦਾ ਮਯੰਕ ਫਾਊਂਡੇਸ਼ਨ ਸਤਿਕਾਰ ਕਰਦੀ ਹੈ ਅਤੇ ਇਸ ਡਾਕਟਰ ਦਿਵਸ ਤੇ ਸਾਰੇ ਸਤਿਕਾਰ ਯੋਗ ਡਾਕਟਰਾਂ ਨੂੰ ਦਿਲ ਤੋਂ ਸਲਾਮ ਕਰਦੀ ਹੈ । ਅਸੀਂ ਹਮੇਸ਼ਾਂ ਇਹਨਾਂ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ । ਇਹਨਾਂ ਦੀ ਖੁਸ਼ਹਾਲੀ ਸਾਰੀ ਮਾਨਵਤਾ ਦੀ ਖੁਸ਼ਹਾਲੀ ਦਾ ਸਬੱਬ ਬਣਦੀ ਹੈ ।

Related Articles

Leave a Reply

Your email address will not be published. Required fields are marked *

Back to top button