ਡਾਕਟਰੀ ਸਲਾਹ ਤੋਂ ਬਿਨਾਂ ਐਂਟੀਬਾਇਓਟੀਕਸ ਦੀ ਵਰਤੋਂ ਨਾ ਕੀਤੀ ਜਾਵੇ : ਡਾ. ਸੁਸ਼ਮਾ ਠੱਕਰ
ਡਾਕਟਰੀ ਸਲਾਹ ਤੋਂ ਬਿਨਾਂ ਐਂਟੀਬਾਇਓਟੀਕਸ ਦੀ ਵਰਤੋਂ ਨਾ ਕੀਤੀ ਜਾਵੇ : ਡਾ. ਸੁਸ਼ਮਾ ਠੱਕਰ
ਫਿਰੋਜ਼ਪੁਰ, 20 ਨਵੰਬਰ 2023: ਬਿਨਾਂ ਡਾਕਟਰੀ ਸਲਾਹ ਤੋਂ ਐਂਟੀਬਾਇਓਟਿਕ ਦਵਾਈਆਂ ਖਾਣ ਨਾਲ ਮਨੁੱਖੀ ਸ਼ਰੀਰ ਅੰਦਰ ਮੌਜੂਦ ਬੈਕਟੀਰੀਆ ‘ਤੇ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਹੋਣਾ ਬੰਦ ਹੋ ਜਾਂਦਾ ਹੈ ਜੋ ਕਿ ਖ਼ਤਰਨਾਕ ਰੁਝਾਨ ਹੈ ਕਿਉਂਕਿ ਅਜਿਹੇ ਲੋਕਾਂ ਨੂੰ ਬਿਮਾਰੀ ਲੱਗਣ ‘ਤੇ ਦਵਾਈਆਂ ਅਸਰ ਨਹੀਂ ਹੁੰਦਾ। ਇਸ ਲਈ ਬੁਖਾਰ ਜਾਂ ਕੋਈ ਵੀ ਬੀਮਾਰੀ ਹੋਣ ‘ਤੇ ਬਿਨਾਂ ਡਾਕਟਰੀ ਸਲਾਹ ਤੋਂ ਆਪਣੀ ਮਰਜ਼ੀ ਨਾਲ ਐਂਟੀਬਾਇਓਟਿਕਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਪ੍ਰਗਟਾਵਾ ਐਂਟੀ ਮਾਈਕਰੋਬੀਅਲ ਪ੍ਰਤੀਰੋਧ ਰੋਕਥਾਮ ਅਤੇ ਨਿਯੰਤਰਣ ਜਾਗਰੂਕਤਾ ਹਫ਼ਤੇ ਦੌਰਾਨ ਸਿਵਲ ਸਰਜਨ ਡਾ. ਸੁਸ਼ਮਾ ਠਕਰ ਨੇ ਕੀਤਾ।
ਉਨ੍ਹਾਂ ਕਿਹਾ ਕਿ ਕਈ ਲੋਕਾਂ ਵਿੱਚ ਰੁਝਾਨ ਦੇਖਣ ਨੂੰ ਮਿਲਦਾ ਹੈ ਕਿ ਉਹ ਰੋਗ ਸਬੰਧੀ ਐਂਟੀਬਾਇਓਟਿਕਸ ਡਾਕਟਰ ਦੀ ਸਲਾਹ ਨਾਲ ਨਹੀਂ ਲੈਂਦੇ ਅਤੇ ਨਾ ਹੀ ਐਂਟੀਬਾਇਓਟਿਕਸ ਦਾ ਕੋਰਸ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਐਂਟੀਬਾਇਓਟਿਕਸ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਸਿਰਫ ਡਾਕਟਰ ਦੀ ਸਲਾਹ ‘ਤੇ ਹੀ ਐਂਟੀਬਾਓਟਿਕਸ ਲੈਣਾ ਚਾਹੀਦਾ ਹੈ ਅਤੇ ਐਂਟੀਬਾਓਟਿਕਸ ਦਾ ਕੋਰਸ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ੁਕਾਮ, ਫਲੂ ਜਾਂ ਵਾਇਰਲ, ਲਾਗ ਵਿਚ ਐਂਟੀਬਾਓਟਿਕਸ ਨਾ ਲਵੋ ਅਤੇ ਲਾਗ ਨੂੰ ਰੋਕਣ ਲਈ ਆਪਣੇ ਹੱਥ ਵਾਰ-ਵਾਰ ਧੋਵੋ। ਇਸ ਤੋਂ ਇਲਾਵਾ ਐਂਟੀਬਾਇਓਟਿਕਸ ਯੋਗ ਡਾਕਟਰ ਦੀ ਸਲਾਹ ਨਾਲ ਲੈਣੇ ਚਾਹੀਦੇ ਹਨ ਅਤੇ ਬਚੇ ਹੋਏ ਐਂਟੀਬਾਇਓਟਿਕਸ ਨੂੰ ਦੂਜਿਆਂ ਨਾਲ ਸਾਂਝਾ ਨਹੀ ਕਰਨਾ ਚਾਹੀਦਾ।
ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਮਾਸ ਮੀਡੀਆ ਅਫ਼ਸਰ ਸੰਦੀਪ ਵਾਲੀਆ ਨੇ ਦੱਸਿਆ ਕਿ ਬੀਮਾਰ ਹੋਣ ‘ਤੇ ਅਣਟ੍ਰੇਂਡ ਪ੍ਰੈਕਟੀਸ਼ਨਰਜ਼ ਅਤੇ ਮੈਡੀਕਲ ਸਟੋਰ ਤੋਂ ਆਪਣੀ ਮਰਜ਼ੀ ਨਾਲ ਇਨ੍ਹਾਂ ਦੀ ਵਰਤੋਂ ਕਰਨ ਦੀ ਬਜਾਏ ਮਾਹਿਰ ਡਾਕਟਰਾਂ ਤੋਂ ਹੀ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਡਾ. ਮੀਨਾਕਸ਼ੀ ਜ਼ਿਲ੍ਹਾ ਟੀਕਾਕਰਨ ਅਫਸਰ, ਡਾ. ਰਮਨ ਸਹਾਇਕ ਸਿਵਿਲ ਸਰਜਨ, ਡਾ. ਯੁਵਰਾਜ ਜ਼ਿਲਾ ਏਪੀਡੈਮਿਓਲੋਜੀਸਟ ਆਦਿ ਹਾਜ਼ਰ ਸਨ।