Ferozepur News
ਜ਼ਿਲ੍ਹੇ ਦੇ 63 ਬੱਚਿਆ ਨੂੰ ਮੋਹਾਲੀ ਤੇ ਜਲੰਧਰ ਵਿਖੇ ਨੀਟ ਤੇ ਜੇਈਈ ਦੀ ਮਿਲੇਗੀ ਮੁਫਤ ਕੋਚਿੰਗ: ਵਿਧਾਇਕ ਦਹੀਯਾ
ਵਿਧਾਇਕ ਦਹੀਯਾ ਨੇ ਬੱਚਿਆਂ ਨੂੰ ਉੱਜਵਲ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ
ਜ਼ਿਲ੍ਹੇ ਦੇ 63 ਬੱਚਿਆ ਨੂੰ ਮੋਹਾਲੀ ਤੇ ਜਲੰਧਰ ਵਿਖੇ ਨੀਟ ਤੇ ਜੇਈਈ ਦੀ ਮਿਲੇਗੀ ਮੁਫਤ ਕੋਚਿੰਗ: ਵਿਧਾਇਕ ਦਹੀਯਾ
ਵਿਧਾਇਕ ਦਹੀਯਾ ਨੇ ਬੱਚਿਆਂ ਨੂੰ ਉੱਜਵਲ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ
ਫ਼ਿਰੋਜ਼ਪੁਰ, 13 ਦਸੰਬਰ, 2024: ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਦਿਆਰਥੀਆਂ ਲਈ ਜੇਈਈ ਅਤੇ ਨੀਟ ਪ੍ਰੀਖਿਆਵਾਂ ਦੀ ਤਿਆਰੀ ਕਾਰਵਾਈ ਜਾ ਰਹੀ ਹੈ ਜੋ ਕਿ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ ਨੇ ਦੱਸਿਆ ਕਿ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲ ਜਲੰਧਰ ਅਤੇ ਮੋਹਾਲੀ ਵਿਖੇ ਚੁਣੇ ਗਏ ਬੱਚਿਆਂ ਨੂੰ ਜੇਈਈ ਅਤੇ ਨੀਟ ਦੀ ਮੁਫ਼ਤ ਕੋਚਿੰਗ ਕਾਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਬੱਚਿਆਂ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ 63 ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਵਿਚੋ 51 ਜਲੰਧਰ ਅਤੇ 12 ਮੋਹਾਲੀ ਵਿਖੇ ਕੋਚਿੰਗ ਲੈਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੁਣੇ ਗਏ ਬੱਚਿਆਂ ਵਿੱਚ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ 21, ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ 8, ਜ਼ੀਰਾ ਹਲਕੇ ਦੇ 26, ਗੁਰੂਹਰਸਹਾਏ ਹਲਕੇ ਦੇ 8 ਬੱਚੇ ਸ਼ਾਮਿਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਰਾਜ ਦੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ 600 ਵਿਦਿਆਰਥੀਆਂ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਰਿਹਾਇਸ਼ੀ ਕੋਚਿੰਗ ਕੈਂਪ ਸਥਾਪਿਤ ਕੀਤੇ ਗਏ ਹਨ। ਇਹਨਾਂ ਕੈਂਪਾਂ ਵਿੱਚ ਉੱਕਤ ਪ੍ਰੀਖਿਆਵਾਂ ਦੀ ਤਿਆਰੀ ਦੇ ਨਾਲ ਨਾਲ ਬੱਚਿਆ ਦੇ ਸਰਬਪੱਖੀ ਵਿਕਾਸ ਲਈ ਹੋਰ ਗਤੀਵਿਧੀਆਂ ਵੀ ਕਾਰਵਾਈਆਂ ਜਾਣਗੀਆਂ। ਇਸ ਪ੍ਰੋਗਰਾਮ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ ਜੇਈਈ ਅਤੇ ਨੀਟ ਪ੍ਰੀਖਿਆਵਾਂ ਲਈ ਬਿਲਕੁਲ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਫ਼ਤ ਕੋਚਿੰਗ ਵਿੰਟਰ ਕੈਂਪ 29 ਦਸੰਬਰ ਤੱਕ ਲਗਾਇਆ ਜਾਵੇਗਾ।
ਸ਼੍ਰੀ ਰਜਨੀਸ਼ ਦਹੀਯਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਰਾਜ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ। ਸਰਕਾਰ ਵੱਲੋਂ ਲਗਾਤਾਰ ਵਿਦਿਆਰਥੀਆਂ ਦੀ ਭਲਾਈ ਅਤੇ ਉਜਵਲ ਭਵਿੱਖ ਲਈ ਯੋਜਨਾਵਾਂ ਅਤੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾ ਸਦਕਾ ਹੀ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿਦਿਆ ਅਤੇ ਖੇਡਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਨੀਟ ਅਤੇ ਜੇਈਈ ਦੀ ਕੋਚਿੰਗ ਦੇਣ ਦਾ ਇਹ ਉਪਰਾਲਾ ਵੀ ਬੱਚਿਆਂ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਫਿਰੋਜ਼ਪੁਰ ਦੇ ਸਰਕਾਰੀ ਸਕੂਲ ਵੀ ਅੱਗੇ ਵੱਧ ਰਹੇ ਹਨ ਸਰਕਾਰ ਵੱਲੋਂ ਆਪਣੇ ਪੱਧਰ ‘ਤੇ ਵੱਧ ਤੋਂ ਵੱਧ ਸਹੁਲਤਾਂ ਮੁਹੱਈਆਂ ਕਾਰਵਾਈਆਂ ਜਾ ਰਹੀਆਂ ਹਨ ਉੱਥੇ ਹੀ ਸਵੈਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਵੀ ਸਕੂਲਾਂ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।