ਚੈਕਿੰਗ ਦੌਰਾਨ ਗੁਰੂਹਰਸਹਾਏ ਵਿਖੇ ਫਾਰਚੂਨਰ ਗੱਡੀ 'ਚ ਛੇ ਲੱਖ ਰੁਪਏ ਦੀ ਨਕਦੀ ਬਰਾਮਦ – ਗੱਡੀ ਵਿਚੋਂ ਅਕਾਲੀ ਉਮੀਦਵਾਰ ਦੀ ਪ੍ਰਚਾਰ ਸਮੱਗਰੀ ਵੀ ਮਿਲੀ
ਗੁਰੂਹਰਸਹਾਏ, 3 ਫ਼ਰਵਰੀ (ਪਰਮਪਾਲ ਗੁਲਾਟੀ)- ਸਥਾਨਕ ਸ਼ਹਿਰ ਵਿਖੇ ਇੱਕ ਫਾਰਚੂਨਰ ਗੱਡੀ ਵਿਚੋਂ ਪੁਲਸ ਨੇ 6 ਲੱਖ ਰੁਪਏ ਦੀ ਨਕਦੀ ਫੜ•ੀ ਹੈ ਅਤੇ ਉਸ ਗੱਡੀ ਵਿਚੋਂ ਹੀ ਅਕਾਲੀ ਦਲ ਦੀ ਪ੍ਰਚਾਰ ਸਮੱਗਰੀ ਵੀ ਮਿਲੀ ਹੈ।
ਇਕੱਤਰ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਓਵਰਬ੍ਰਿਜ ਦੇ ਨਜ਼ਦੀਕ ਦਾਣਾ ਮੰਡੀ ਗੇਟ ਸਾਹਮਣੇ ਪੈਰਾ ਮਿਲਟਰੀ ਫੋਰਸ ਵਲੋਂ ਪੈਰਾ ਮਿਲਟਰੀ ਫੋਰਸ ਦੇ ਅਸਿਸਟੈਂਟ ਕਮਾਂਡੈਂਟ ਸ਼ਿਆਮ ਬਾਬੂ ਅਤੇ ਇੰਸਪੈਕਟਰ ਧੀਰਜ ਸ਼ਾਹ ਦੀ ਅਗਵਾਈ ਵਿਚ ਜਾਰੀ ਚੈਕਿੰਗ ਦੌਰਾਨ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਇਕ ਫੋਰਚੂਨਰ ਗੱਡੀ ਪੀ.ਬੀ 05 ਵਾਈ-0027 ਨੂੰ ਰੋਕਿਆ ਤਾਂ ਚੈਕਿੰਗ ਦੌਰਾਨ ਗੱਡੀ ਵਿਚੋਂ ਅਕਾਲੀ ਉਮੀਦਵਾਰ ਦੀ ਪ੍ਰਚਾਰ ਸਮੱਗਰੀ ਅਤੇ 6 ਲੱਖ ਰੁਪਏ ਦੀ ਨਕਦ ਰਾਸ਼ੀ ਬਰਾਮਦ ਹੋਈ। ਜਿਸ ਨੂੰ ਤੁਰੰਤ ਪੁਲਸ ਥਾਣਾ ਗੁਰੂਹਰਸਹਾਏ ਵਿਖੇ ਲਿਆਂਦਾ ਗਿਆ, ਪੁਲਸ ਨੇ ਗੱਡੀ ਸਮੇਤ ਬਰਾਮਦ ਰਕਮ ਸਮੇਤ ਹੋਰ ਸਮਾਨ ਅਤੇ ਡਰਾਈਵਰ ਨੂੰ ਕਬਜੇ ਵਿਚ ਲੈ ਲਿਆ।
ਪੁਲਸ ਵਲੋਂ ਕਾਬੂ ਕੀਤੇ ਗਏ ਡਰਾਈਵਰ ਪਾਸੋਂ ਡੂੰਘਾਈ ਨਾਲ ਪੁੱਛ ਪੜ•ਤਾਲ ਕੀਤੀ ਜਾ ਰਹੀ ਹੈ। ਇਸ ਫੋਰਚੂਨਰ ਗੱਡੀ ਦੀ ਮਿਲੀ ਆਰ.ਸੀ ਮੁਤਾਬਿਕ ਇਹ ਗੱਡੀ ਮੈਸ: ਕੇ.ਜੀ ਇੰਡਸਟਰੀਜ਼, ਮੋਹਕਮ ਅਰਾਂਈਆਂ ਰੋਡ, ਜਲਾਲਾਬਾਦ ਪੱਛਮੀ ਦੇ ਨਾਮ 'ਤੇ ਦੱਸੀ ਜਾ ਰਹੀ ਹੈ।
ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਵੋਟਾਂ ਦੀ ਖਰੀਦੋ ਫਰੋਖ਼ਤ ਲਈ ਇਹ ਰਕਮ ਲਿਜਾਈ ਜਾ ਰਹੀ ਹੋਵੇ। ਪੁਲਸ ਵਲੋਂ ਇਸ ਤਹਿਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਪੁਲਸ ਥਾਣੇ ਵਿਚ ਮੋਜੂਦ ਐਸ.ਪੀ.ਡੀ ਧਰਮਵੀਰ ਸਿੰਘ, ਡੀ.ਐਸ.ਪੀ ਬਲਵਿੰਦਰ ਸਿੰਘ, ਐਸ.ਐਚ.ਓ ਜਸਵੰਤ ਸਿੰਘ ਭੱਟੀ ਸਮੇਤ ਹੋਰ ਅਧਿਕਾਰੀ ਮੋਜੂਦ ਸਨ।