ਗੁਰੂਹਰਸਹਾਏ ਬਾਰ ਐਸੋਸੀਏਸ਼ਨ ਦੇ ਰੋਜੰਤ ਮੋਂਗਾ ਬਣੇ ਪ੍ਰਧਾਨ
ਗੁਰੂਹਰਸਹਾਏ, 5 ਅਪ੍ਰੈਲ (ਪਰਮਪਾਲ ਗੁਲਾਟੀ)- ਸਬ-ਡਿਵੀਜਨ ਗੁਰੂਹਰਸਹਾਏ ਦੇ ਬਾਰ ਐਸੋਸੀਏਸ਼ਨ ਦੀ ਅਹੁਦੇਦਾਰੀ ਲਈ ਹੋ ਰਹੀਆਂ ਚੋਣਾਂ 'ਚ ਵਕੀਲ ਭਾਈਚਾਰੇ ਨੇ ਸਹਿਮਤੀ ਨਾਲ ਐਡਵੋਕੇਟ ਰੋਜੰਤ ਮੋਂਗਾ ਨੂੰ ਪ੍ਰਧਾਨ, ਜਗਮੀਤ ਸਿੰਘ ਸੰਧੂ ਵਾਈਸ ਪ੍ਰਧਾਨ ਅਤੇ ਰਮਨ ਕੰਬੋਜ ਨੂੰ ਸਕੱਤਰ ਚੁਣਿਆ ਹੈ | ਜਦਕਿ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਨੇ ਆਪਣਾ ਪਿਛਲੇ ਸੱਤਾਂ ਸਾਲਾਂ ਦਾ ਰਿਕਾਰਡ ਕਾਇਮ ਰੱਖਦੇ ਹੋਏ ਨਾਮਜਦਗੀ ਵਾਲੇ ਦਿਨ ਸਰਬਸੰਮਤੀ ਨਾਲ ਕਾਗਜ਼ ਦਾਖਲ ਕਰਨ ਵਾਲੇ ਸਾਰੇ 9 ਮੈਂਬਰਾਂ ਨੂੰ ਐਗਜਿਕਟਿਵ ਚੁਣ ਲਿਆ ਹੈ |
ਜਾਣਕਾਰੀ ਦਿੰਦੇ ਹੋਏ ਵਕੀਲ ਭਾਈਚਾਰੇ ਨੇ ਦੱਸਿਆ ਕਿ ਬਾਰ ਕੌਾਸਲ ਆਫ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਸਬ-ਡਵੀਜਨ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੀਆਂ ਚੋਣਾਂ ਚੋਣ ਅਧਿਕਾਰੀਆਂ ਸ਼ਵਿੰਦਰ ਸਿੰਘ ਸੰਧੂ ਤੇ ਗੁਰਪ੍ਰੀਤ ਸਿੰਘ ਖੋਸਾ ਦੀ ਨਿਗਰਾਨੀ ਅਧੀਨ ਸੰਪੰਨ ਹੋ ਰਹੀਆਂ ਹਨ | 56 ਵਕੀਲਾਂ 'ਤੇ ਅਧਾਰਿਤ ਬਾਰ ਦੇ ਵਕੀਲਾਂ ਨੇ ਗੁਰਪ੍ਰੀਤ ਸਿੰਘ ਬਾਵਾ, ਸਾਹਿਲ ਕੰਬੋਜ, ਸਚਿਨ ਸ਼ਰਮਾ ਅਤੇ ਬੇਅੰਤ ਸਿੰਘ ਸੰਧੂ ਨੂੰ ਐਗਜੈਕੇਟਿਵ ਮੈਂਬਰ ਨਿਯੁਕਤ ਕੀਤਾ ਹੈ | ਉਪ-ਪ੍ਰਧਾਨਗੀ ਨੂੰ ਲੈ ਕੇ ਅੜਫਸ ਦੇ ਚੱਲਦੇ ਐਡਵੋਕੇਟ ਜਗਮੀਤ ਸਿੰਘ ਸੰਧੂ ਤੇ ਸੁਰਜੀਤ ਸਿੰਘ ਰਾਏ ਦਰਮਿਆਨ ਮੁਕਾਬਲੇ ਦੀ ਆਸ ਚਲਦੇ ਸੁਰਜੀਤ ਸਿੰਘ ਰਾਏ ਵਲੋਂ ਸਰਬਸੰਮਤੀ ਨਾਲ ਆਪਣੇ ਕਾਗਜ ਵਾਪਸ ਲਏ ਜਾਣ 'ਤੇ ਜਗਮੀਤ ਸਿੰਘ ਸੰਧੂ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ | ਇਸ ਮੌਕੇ ਸਮੂਹ ਵਕੀਲ ਭਾਈਚਾਰੇ ਵਲੋਂ ਚੁਣੇ ਗਏ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਵਧਾਈ ਦਿੱਤੀ ਅਤੇ ਅਹੁਦੇਦਾਰਾਂ ਨੇ ਵਿਸ਼ਵਾਸ਼ ਦੁਆਇਆ ਕਿ ਉਹ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਅਤੇ ਵਕੀਲ ਭਾਈਚਾਰੇ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਉਣਗੇ |